ਪੱਤਰ ਪ੍ਰੇਰਕ
ਅਬੋਹਰ, 6 ਦਸੰਬਰ
ਥਾਣਾ ਨੰਬਰ 1 ਦੀ ਪੁਲੀਸ ਨੇ ਲੁੱਟ-ਖੋਹਾਂ ਕਰਨ ਵਾਲੇ ਗਰੋਹ ਦੇ 4 ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਾਬੂ ਕੀਤਾ ਹੈ, ਜਦਕਿ ਉਨ੍ਹਾਂ ਦਾ ਇਕ ਸਾਥੀ ਫਰਾਰ ਹੋ ਗਿਆ। ਸਾਰਿਆਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਨਗਰ ਥਾਣਾ ਨੰਬਰ 1 ’ਚ ਤਾਇਨਾਤ ਸਹਾਇਕ ਥਾਣੇਦਾਰ ਜੁਗਰਾਜ ਸਿੰਘ ਮੁਤਾਬਕ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਲੁਟੇਰਾ ਗਰੋਹ ਦੇ ਕੁਝ ਮੈਂਬਰ ਵਾਰਦਾਤ ਨੂੰ ਅੰਜਾਮ ਦੇਣ ਲਈ ਫਾਜ਼ਿਲਕਾ ਬਾਈਪਾਸ ’ਤੇ ਇਕ ਵੈਕਸਿੰਗ ਪਲਾਟ ਨੇੜੇ ਝਾੜੀਆਂ ਵਿੱਚ ਤੇਜ਼ਧਾਰ ਹਥਿਆਰ ਲੈ ਕੇ ਲੁਕੇ ਹੋਏ ਹਨ। ਸੂਚਨਾ ਪੱਕੀ ਹੋਣ ’ਤੇ ਉਨ੍ਹਾਂ ਪੁਲੀਸ ਪਾਰਟੀ ਸਣੇ ਮੌਕੇ ’ਤੇ ਜਾ ਕੇ ਛਾਪਾ ਮਾਰ ਕੇ ਗਰੋਹ ਦੇ 4 ਮੈਂਬਰਾਂ ਨੂੰ ਹਥਿਆਰਾਂ ਸਣੇ ਕਾਬੂ ਕਰ ਲਿਆ, ਜਦਕਿ ਉਨ੍ਹਾਂ ਦਾ ਇਕ ਸਾਥੀ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਪੁਲੀਸ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਜਸਲੀਨ ਉਰਫ ਬਿੰਨੀ ਪੁੱਤਰ ਪੁਰਸ਼ੋਤਮ ਮਸੀਹ ਵਾਸੀ ਅਜੀਤ ਨਗਰ, ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਬਲਰਾਜ ਸਿੰਘ ਵਾਸੀ ਸੀਡ ਫਾਰਮ ਪੱਕਾ, ਵਿਨੋਦ ਕੁਮਾਰ ਪੁੱਤਰ ਜਗਸੀਰ ਸਿੰਘ ਵਾਸੀ ਬੁਰਜ ਮੁਹਾਰ ਅਤੇ ਸੂਰਜ ਕੁਮਾਰ ਉਰਫ ਮਹੂਆ ਪੁੱਤਰ ਗੁਰਬਚਨ ਸਿੰਘ ਵਾਸੀ ਇੰਦਰਾ ਨਗਰੀ ਵੱਜੋਂ ਕੀਤੀ ਹੈ, ਜਦਕਿ ਫਰਾਰ ਮੁਲਜ਼ਮ ਦੀ ਪਛਾਣ ਅਕਾਸ਼ਦੀਪ ਸਿੰਘ ਪੁੱਤਰ ਪੁਰਸ਼ੋਤਮ ਮਸੀਹ ਵਾਸੀ ਅਜੀਤ ਨਗਰ ਵਜੋਂ ਕੀਤੀ ਹੈ। ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਇਕ ਦੇਸੀ ਕੱਟਾ, ਇਕ ਜ਼ਿੰਦਾ ਕਾਰਤੂਸ, ਕ੍ਰਿਪਾਣ, ਕਾਪਾ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ।