ਟਿ੍ਰਬਿਊਨ ਨਿਊਜ ਸਰਵਿਸ
ਕੋਟਕਪੂਰਾ, 15 ਫਰਵਰੀ
ਇੱਥੇ ਅੱਜ ਸਵੇਰੇ ਦੁਆਰੇਆਣਾ ਰੋਡ ‘ਤੇ ਕੋਠੇ ਧਾਲੀਵਾਲ ਵਿੱਚ ਢੱਠਿਆਂ ਦੀ ਹੋਈ ਲੜਾਈ ਦੌਰਾਨ ਇੱਕ ਔਰਤ ਅਤੇ ਤਿੰਨ ਹੋਰ ਲੜਕੀਆਂ ਜ਼ਖਮੀ ਹੋ ਗਈਆਂ। ਇਨ੍ਹਾਂ ਨੂੰ ਸ੍ਰੀ ਰਾਮ ਸੇਵਾ ਦਲ ਦੇ ਮੈਂਬਰਾਂ ਨੇ ਐਂਬੂਲੈਂਸ ਰਾਹੀਂ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਸਬੰਧੀ ਸ੍ਰੀ ਰਾਮ ਸੇਵਾ ਦਲ ਦੇ ਕ੍ਰਿਸ਼ਨ ਮੁਨੀਮ ਨੇ ਦੱਸਿਆ ਕਿ ਸਵੇਰ ਸਮੇਂ ਸਥਾਨਕ ਦੁਆਰੇਆਣਾ ਰੋਡ ‘ਤੇ ਢੱਠਿਆਂ ਦੀ ਲੜਾਈ ਹੋਈ ਅਤੇ ਇਸ ਦੌਰਾਨ ਉੱਥੋਂ ਐਕਟਿਵਾ ‘ਤੇ ਲੰਘ ਰਹੀਆਂ ਔਰਤ ਅਤੇ ਤਿੰਨ ਲੜਕੀਆਂ ਉਨ੍ਹਾਂ ਦੀ ਲਪੇਟ ਵਿੱਚ ਆ ਗਈਆਂ ਜਿਸ ਕਾਰਨ ਚਾਰਾਂ ਦੇ ਸੱਟਾਂ ਲੱਗੀਆਂ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਸਮੇਤ ਸੰਸਥਾ ਦੇ ਮੈਂਬਰਾਂ ਨਿਰਮਲ ਸਿੰਘ ਨਿੰਮਾ, ਸੁਰਿੰਦਰ ਸ਼ਰਮਾ ਅਤੇ ਹੁਕਮ ਚੰਦ ਘੋਨਾਂ ਨੇ ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਕੋਟਕਪੂਰਾ ਦੇ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਛੋਟੀ ਲੜਕੀ ਦੇ ਸੱਟ ਜ਼ਿਆਦਾ ਹੋਣ ਕਾਰਨ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿੱਚ ਰੈਫਰ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਕੋਟਕਪੂਰਾ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਬੇਹੱਦ ਗੰਭੀਰ ਹੁੰਦੀ ਜਾ ਰਹੀ ਹੈ। ਇਸ ਦੌਰਾਨ ਸ੍ਰੀ ਰਾਮ ਸੇਵਾ ਦਲ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਵਾਸੀਆਂ ਨੂੰ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਤੋਂ ਤੁਰੰਤ ਨਿਜਾਤ ਦਵਾਈ ਜਾਵੇ।