ਮੁੱਖ ਅੰਸ਼
- ਵਧੀਕ ਡਿਪਟੀ ਕਮਿਸ਼ਨਰ ਨੇ ਕੀਤੀ ਮਾਮਲੇ ਦੀ ਜਾਂਚ
- ਸਰਪੰਚ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ
ਸ਼ੰਗਾਰਾ ਸਿੰਘ ਅਕਲੀਆ
ਜੋਗਾ, 4 ਜੁਲਾਈ
ਮਨਰੇਗਾ ਕੰਮਾਂ ਵਿੱਚ ਫਰਜ਼ੀ ਦਿਹਾੜੀਆਂ ਪਾ ਕੇ ਪੈਸਾ ਕਢਾਉਣ ਦੇ ਦੋਸ਼ ਹੇਠ ਪੰਚਾਇਤ ਵਿਭਾਗ ਨੇ ਪਿੰਡ ਅਕਲੀਆ ਦੀ ਮਹਿਲਾ ਸਰਪੰਚ ਸੁਖਵੀਰ ਕੌਰ ਖਾਲਸਾ ਨੂੰ ਮੁਅੱਤਲ ਕਰ ਦਿੱਤਾ ਹੈੇ। ਪੰਚਾਇਤ ਵਿਭਾਗ ਨੇ ਸਰਪੰਚ ਨੂੰ ਆਪਣਾ ਸਪੱਸ਼ਟੀਕਰਨ ਦੇਣ ਲਈ ਸਮਾਂ ਦਿੱਤਾ ਸੀ,ਪਰ ਉਹ ਸੰਤੁਸ਼ਟੀਪੂਰਨ ਜਵਾਬ ਪੇਸ਼ ਨਹੀਂ ਕਰ ਸਕੀ।
ਪੰਚਾਇਤੀ ਵਿਭਾਗ ਨੇ ਇਹ ਮਾਮਲਾ ਜਾਂਚ ਲਈ ਵਧੀਕ ਡਿਪਟੀ ਕਮਿਸ਼ਨਰ ਕੋਲ ਭੇਜਿਆ ਸੀ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਸਰਪੰਚ ਨੇ ਦਸੰਬਰ 2021 ਵਿੱਚ ਮਨਰੇਗਾ ਅਧੀਨ ਹੋਏ ਕੰਮਾਂ ਵਿੱਚ ਮਿਸਤਰੀਆਂ ਅਤੇ ਮਜ਼ਦੂਰਾਂ ਦੇ ਫਰਜ਼ੀ ਦਸਤਖਤ ਕੀਤੇ। ਸਬੂਤ ਵਜੋਂ ਜਿਨ੍ਹਾਂ ਨੂੰ ਪੇਸ਼ ਨਹੀਂ ਕੀਤਾ ਜਾ ਸਕਿਆ। ਜਾਂਚ ਵਿੱਚ ਇਹ ਵੀ ਪਾਇਆ ਗਿਆ ਕਿ ਸਰਪੰਚ ਨੇ ਇਨ੍ਹਾਂ ਕੰਮਾਂ ਦੀ ਬਦੌਲਤ 9641 ਰੁਪਏ ਕਢਵਾ ਕੇ ਵਰਤ ਲਏ। ਗੁਰਸੇਵਕ ਸਿੰਘ ਮਜ਼ਦੂਰ ਦੀ ਦਿਹਾੜੀ ਵੀ ਗਲਤ ਪਾਈ ਗਈ। ਜਾਂਚ ਰਿਪੋਰਟ ਦੇ ਆਧਾਰ ’ਤੇ ਪੰਚਾਇਤ ਵਿਭਾਗ ਨੇ ਸਰਪੰਚ ਸੁਖਵੀਰ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਵਿਭਾਗ ਨੇ ਬਲਾਕ ਪੰਚਾਇਤ ਅਫਸਰ ਭੀਖੀ ਨੂੰ ਅਕਲੀਆ ਦੀ ਸਰਪੰਚੀ ਦੇ ਚੱਲਦੇ ਸਾਰੇ ਖਾਤੇ ਸੀਲ ਕਰਨ ਅਤੇ ਸਰਪੰਚ ਦੀ ਜ਼ਿੰਮੇਵਾਰੀ ਕਿਸੇ ਪੰਚ ਨੂੰ ਦੇਣ ਲਈ ਕਿਹਾ ਹੈ।
ਦੂਜੇ ਪਾਸੇ ਸਰਪੰਚ ਸੁਖਵੀਰ ਕੌਰ ਖਾਲਸਾ ਦਾ ਕਹਿਣਾ ਹੈ ਕਿ ਕੁੱਝ ਵਿਰੋਧੀਆਂ ਵੱਲੋਂ ਬਿਨ੍ਹਾਂ ਵਜ੍ਹਾ ਇਸ ਮਾਮਲੇ ਨੂੰ ਉਛਾਲਿਆ ਗਿਆ ਹੈ। ਤੇ ਉਸ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਪੰਚ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਹੈ।