ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ , 31 ਦਸੰਬਰ
ਮੁਕਤਸਰ ਦੇ ਇਕ ਸੇਵਾ ਮੁਕਤ ਵਿਜੀਲੈਂਸ ਇੰਸਪੈਕਟਰ ਨਾਲ ਉਸ ਦੇ ਰਿਸ਼ਤੇਦਾਰਾਂ ਵੱਲੋਂ ਹੀ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਮੁਕਤਸਰ ਪੁਲੀਸ ਪੜਤਾਲ ਉਪਰੰਤ ਸੱਤ ਲੋਕਾਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਤੇਜਿੰਦਰ ਸਿੰਘ ਵਾਸੀ ਮੁਕਤਸਰ ਨੇ ਦੱਸਿਆ ਕਿ 14 ਅਕਤੂਬਰ 2020 ਨੂੰ ਉਸ ਦੀ ਪਤਨੀ ਦਲਜੀਤ ਕੌਰ ਕਰੋਨਾ ਤੋਂ ਪੀੜਤ ਹੋ ਗਈ ਸੀ ਜਿਸ ਤੋਂ ਕੁਝ ਦਿਨ ਬਾਅਦ ਉਸ ਦੀ ਪਤਨੀ ਨੂੰ ਇਲਾਜ ਲਈ ਉਸ ਦੀ ਰਿਸ਼ਤੇਦਾਰ ਹਰਮਿੰਦਰ ਕੌਰ (ਸਾਲੀ) ਅਤੇ ਉਨ੍ਹਾਂ ਦੇ ਬੱਚੇ ਇਲਾਜ ਵਾਸਤੇ ਲੁਧਿਆਣੇ ਲੈ ਗਏ। ਡੇਢ ਮਹੀਨੇ ਦੇ ਬਾਅਦ ਇਕ ਨਵੰਬਰ ਨੂੰ ਉਸ ਦੀ ਪਤਨੀ ਦੀ ਕਰੋਨਾ ਕਾਰਨ ਮੌਤ ਹੋ ਗਈ। ਉਸ ਦੀ ਪਤਨੀ ਨੂੰ ਨਾਲ ਲਿਜਾਣ ਸਮੇਂ ਹਰਮਿੰਦਰ ਕੌਰ ਇੱਥੇ 2 ਲੱਖ ਰੁਪਏ ਨਗਦ ਅਤੇ 20 ਤੋਲੇ ਸੋਨਾ ਘਰੋਂ ਲੈ ਗਈ ਸੀ। ਉੱਥੇ ਬਾਅਦ ’ਚ ਉਨ੍ਹਾਂ ਨੇ ਧੋਖੇ ਨਾਲ ਉਸ ਦੀ ਪਤਨੀ ਦੀ ਨੌਮੀਨੇਸ਼ਨ ਬਦਲ ਕੇ 23 ਲੱਖ 38 ਹਜ਼ਾਰ 409 ਰੁਪਏ ਦੀਆਂ ਵੱਖ ਵੱਖ ਬੈਂਕਾਂ ਦੀਆਂ ਐਫਡੀਆਰਜ਼ ਵੀ ਕੱਢਵਾ ਲਈਆਂ। ਇਸ ਤਰ੍ਹਾਂ ਕਰਕੇ ਉਨ੍ਹਾਂ ਨਾਲ ਕਰੀਬ 35 ਲੱਖ ਰੁਪਏ ਦੀ ਠੱਗੀ ਮਾਰੀ। ਪੁਲੀਸ ਨੇ ਇਸ ਮਾਮਲੇ ’ਚ ਪੜਤਾਲ ਉਪਰੰਤ ਐਸਬੀਆਈ ਮੁਕਤਸਰ ਸ਼ਾਖਾ ਦੇ ਚੀਫ਼ ਮੈਨੇਜਰ ਰਾਜ ਕੁਮਾਰ ਗੋਇਲ, ਹਰਮਿੰਦਰ ਕੌਰ, ਅਰਸ਼ਦੀਪ ਕੌਰ ਸਮੇਤ ਸੱਤ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।