ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 2 ਅਪਰੈਲ
ਬਾਬਾ ਭਾਈ ਰੂਪ ਚੰਦ ਖੇਡ ਸਟੇਡੀਅਮ ਭਾਈਰੂਪਾ ਨੇੜੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਿਛਲੇ ਦਿਨੀਂ ਅਥਲੈਟਿਕਸ ਕੋਚ ਹਰਨੇਕ ਸਿੰਘ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਗਈ ਸੀ। ਇਸ ਦੌਰਾਨ ਕੋਚ ਹਰਨੇਕ ਸਿੰਘ ਜ਼ਖਮੀ ਹੋ ਗਿਆ ਸੀ। ਇਸ ਕਾਰਨ ਖੇਡ ਸਟੇਡੀਅਮ ਵਿੱਚ ਰੋਜ਼ਾਨਾ ਪ੍ਰੈਕਟਿਸ ਕਰਨ ਆਉਣ ਵਾਲੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਪ੍ਰਸ਼ਾਸਨ ਕੋਲੋਂ ਸਟੇਡੀਅਮ ਲਈ ਸੁਰੱਖਿਆ ਦੀ ਮੰਗ ਕਰ ਰਹੇ ਹਨ।
ਇਸ ਦੌਰਾਨ ਵੇਟ ਲਿਫਟਿੰਗ ਕੋਚ ਜਸਵਿੰਦਰ ਸਿੰਘ, ਬਾਕਸਿੰਗ ਕੋਚ ਨਿਰਮਲ ਸਿੰਘ, ਪ੍ਰਧਾਨ ਗਗਨਦੀਪ ਸਿੰਘ, ਕੌਰ ਸਿੰਘ, ਲਵੀ ਸ਼ਰਮਾ, ਸ਼ਗਨਦੀਪ ਸਿੰਘ, ਕੁਲਵਿੰਦਰ ਸਿੰਘ, ਭੋਲਾ ਸਿੰਘ, ਗੋਰਾ ਸਿੰਘ ਨੇ ਕਿਹਾ ਕਿ ਰੋਜ਼ਾਨਾ ਸਟੇਡੀਅਮ ਵਿੱਚ ਸੈਂਕੜੇ ਮੁੰਡੇ ਤੇ ਕੁੜੀਆਂ ਕੋਚਿਗ ਲੈਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਘਟਨਾ ਤੋਂ ਪਹਿਲਾਂ ਵੀ ਖੇਡ ਸਟੇਡੀਅਮ ਵਿੱਚ ਕੁਝ ਨੌਜਵਾਨਾਂ ਦੀ ਲੜਾਈ ਹੋਈ ਸੀ ਜਿਸ ਕਾਰਨ ਸਟੇਡੀਅਮ ਦਾ ਮਾਹੌਲ ਅਸ਼ਾਂਤ ਹੋ ਗਿਆ ਹੈ। ਪ੍ਰੈਕਟਿਸ ਕਰਨ ਆਉਣ ਵਾਲੇ ਬੱਚੇ ਡਰੇ ਹੋਏ ਹਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਸਟੇਡੀਅਮ ਦਾ ਗੇਟ ਬੰਦ ਪਿਆ ਹੈ ਕੋਈ ਵੀ ਖਿਡਾਰੀ ਪ੍ਰੈਕਟਿਸ ਕਰਨ ਲਈ ਨਹੀਂ ਆ ਰਿਹਾ। ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਟੇਡੀਅਮ ਵਿੱਚ ਸ਼ਰਾਰਤੀ ਅਨਸਰਾਂ ਦਾ ਦਾਖਲਾ ਬੰਦ ਕਰ ਕੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣ।
ਮਸਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਜਾਵੇਗਾ: ਥਾਣਾ ਮੁਖੀ
ਥਾਣਾ ਫੂਲ ਦੇ ਮੁਖੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਟੇਡੀਅਮ ਦੀ ਸੁਰੱਖਿਆ ਸਬੰਧੀ ਪ੍ਰਬੰਧਕਾਂ ਵੱਲੋਂ ਉਨ੍ਹਾਂ ਕੋਲ ਕੋਈ ਲਿਖਤੀ ਪੱਤਰ ਨਹੀਂ ਆਇਆ ਪਰ ਫਿਰ ਵੀ ਉਹ ਇਸ ਮਸਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਗੇ।