ਖੇਤਰੀ ਪ੍ਰਤੀਨਿਧ
ਬਰਨਾਲਾ, 4 ਸਤੰਬਰ
ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਅਧੀਨ ਬਰਨਾਲਾ ਬਲਾਕ ਦੀਆਂ ਖੇਡਾਂ ਦਾ ਉਦਘਾਟਨ ਕੀਤਾ। ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਦਾ ਮਾਣ ਪ੍ਰਾਪਤ ਹੈ। ਪੰਜਾਬੀਆਂ ਵੱਲੋਂ ਵੱਖ ਵੱਖ ਖੇਡਾਂ ‘ਚ ਬਣਾਏ ਗਏ ਰਿਕਾਰਡ ਵਿਸ਼ਵ ਪੱਧਰ ਉੱਤੇ ਅੱਜ ਵੀ ਕਾਇਮ ਨੇ। ਉਨ੍ਹਾਂ ਕਿਹਾ, ‘ਜਿਸ ਪੰਜਾਬ ਨੂੰ ਬਲਬੀਰ ਸਿੰਘ ਸੀਨੀਅਰ ਵਰਗੇ ਮਹਾਨ ਓਲੰਪੀਅਨ ਦਾ ਘਰ ਹੋਣ ਦਾ ਮਾਣ ਪ੍ਰਾਪਤ ਹੋਵੇ, ਪੰਜਾਬ ਸਰਕਾਰ ਉਸ ਪੰਜਾਬ ਵਿੱਚ ਖੇਡਾਂ ਨੂੰ ਮੁੜ ਪੰਜਾਬੀ ਸੱਭਿਆਚਾਰ ਦਾ ਹਿੱਸਾ ਬਣਾਉਣ ਲਈ ਵਚਨਬੱਧ ਹੈ।’
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੱਡੇ ਪੱਧਰ ਉਤੇ ਖੇਡਾਂ ਕਰਾਉਣ ਤੋਂ ਇਲਾਵਾ ਖੇਡ ਵਿਭਾਗ ‘ਚ ਕੋਚ ਦੀਆਂ ਭਰਤੀਆਂ, ਖੇਡ ਮੈਦਾਨ ਦੀ ਉਸਾਰੀ ਤੇ ਮਿਆਰੀ ਰੱਖ-ਰੱਖਾਓ ਤੇ ਖੇਡਾਂ ਨਾਲ ਸਬੰਧਿਤ ਢਾਂਚੇ ਨੂੰ ਬਣਾਉਣ ਉੱਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਬਰਨਾਲਾ ਬਲਾਕ ਦੀਆਂ ਖੇਡਾਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। 4 ਤੋਂ 6 ਸਤੰਬਰ ਤੱਕ ਕਰਵਾਈ ਜਾਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਐਥਲੈਟਿਕਸ, ਖੋ ਖੋ, ਫੁੱਟਬਾਲ, ਵਾਲੀਬਾਲ, ਰੱਸਾਕਸ਼ੀ, ਕਬੱਡੀ ਨੈਸ਼ਨਲ ਸਟਾਈਲ ਤੇ ਕਬੱਡੀ ਸਰਕਲ ਸਟਾਈਲ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ‘ਆਪ’ ਦੇ ਜ਼ਿਲ੍ਹਾ ਬਰਨਾਲਾ ਗੁਰਦੀਪ ਸਿੰਘ ਬਾਠ, ਜ਼ਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ ਵੀ ਹਾਜ਼ਰ ਸਨ।
ਖੇਡ ਸਭਿਆਚਾਰ ਦੀ ਪੁਨਰਸੁਰਜੀਤੀ ਕਰਨਗੀਆਂ ‘ਖੇਡਾਂ ਵਤਨ ਪੰਜਾਬ ਦੀਆਂ’:ਮੀਤ ਹੇਅਰ
ਫਾਜ਼ਿਲਕਾ (ਪਰਮਜੀਤ ਸਿੰਘ) ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿਰਾਸਤੀ ਖੇਡ ਸਭਿਆਚਾਰ ਦੀ ਪੁਨਰਸੁਰਜੀਤੀ ਲਈ ਖੇਡਾਂ ਵਤਨ ਪੰਜਾਬ ਦੀਆਂ ਉਲੀਕੀਆਂ ਹਨ ਤੇ ਇਨ੍ਹਾਂ ਖੇਡਾਂ ਦੇ ਅਗਾਜ ਨੇ ਹੀ ਨੌਜਵਾਨਾਂ ’ਚ ਊਰਜਾ ਭਰਨ ਦਾ ਕੰਮ ਕੀਤਾ ਹੈ। ਉਹ ਅੱਜ ਇੱਥੇ ਸਰਹੱਦ ਕੇਸਰੀ ਛੱਜਬਨ ਵੇਲਫੇਅਰ ਸੁਸਾਇਟੀ ਵੱਲੋਂ ਕਰਵਾਏ 19ਵੇਂ ਕ੍ਰਿਕੇਟ ਟੂਰਨਾਮੈਂਟ ਦੇ ਫਾਈਨਲ ਮੈਚ ਦੀ ਸ਼ੁਰੂਆਤ ਮੌਕੇ ਬੋਲ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ, ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਹਿਮਾਂਸੂ ਅਗਰਵਾਲ ਵੀ ਹਾਜ਼ਰ ਸਨ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਪਹਿਲੇ ਸਾਲ ’ਚ ਹੀ ਇਹ ਖੇਡਾਂ ਸ਼ੁਰੂ ਕਰਵਾਈਆਂ ਹਨ। ਉਨ੍ਹਾਂ ਕਿਹਾ ਕਿ ਸਾਲ ਦਰ ਸਾਲ ਇਨ੍ਹਾਂ ਦਾ ਦਾਇਰਾ ਵੱਡਾ ਹੁੰਦਾ ਜਾਵੇਗਾ ਤੇ ਆਉਣ ਵਾਲੇ ਪੰਜ ਸਾਲਾਂ ’ਚ ਸਾਡਾ ਟੀਚਾ ਹੈ ਕਿ ਪੰਜਾਬ ਮੁੜ ਖੇਡਾਂ ਦੇ ਖੇਤਰ ’ਚ ਦੇਸ਼ ’ਚੋਂ ਮੋਹਰੀ ਸੂਬਾ ਬਣ ਆਪਣਾ ਗੁਆਚਿਆਂ ਰੁਤਬਾ ਮੁੜ ਪ੍ਰਾਪਤ ਕਰ ਲਵੇਗਾ। ਸਰਹੱਦ ਕੇਸਰੀ ਛੱਜਬਨ ਵੇਲਫੇਅਰ ਸੁਸਾਇਟੀ ਤੋਂ ਮਨੋਜ਼ ਨਾਗਪਾਲ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਕਰਵਾਏ 19ਵੇਂ ਟੂਰਨਾਮੈਂਟ ’ਚ 72 ਟੀਮਾਂ ਨੇ ਭਾਗ ਲਿਆ।