ਸ਼ਗਨ ਕਟਾਰੀਆ
ਬਠਿੰਡਾ, 27 ਅਗਸਤ
ਸਮਾਜ ਸੇਵਾ ਤੇ ਖੂਨਦਾਨੀ ਤੋਂ ਬਾਅਦ ‘ਪੈਡ ਲੇਡੀ’ ਵਜੋਂ ਮਕਬੂਲ ਪ੍ਰਿੰਸੀਪਲ ਵੀਨਾ ਗਰਗ ਦੀ ਬਠਿੰਡਾ ਤੇ ਫ਼ਰੀਦਕੋਟ ਜ਼ਿਲ੍ਹਿਆਂ ’ਚ ਖਾਸ ਪੈਂਠ ਹੈ। ਮਾਰਚ ਮਹੀਨੇ ਕਰੋਨਾ ਦੀ ਸਰਗਰਮੀ ਦੇ ਨਾਲ ਹੀ ਵੀਨਾ ਗਰਗ ਦੀਆਂ ਗਤੀਵਿਧੀਆਂ ’ਚ ਇਜ਼ਾਫ਼ਾ ਹੋਇਆ ਹੈ ਇਸ ਸਮਾਜ ਸੇਵਿਕਾ ਦਾ ਕਰਮ ਖੇਤਰ ਗਰੀਬ ਬਸਤੀਆਂ ਰਹੀਆਂ ਹਨ। ਸੈਨੇਟਾਈਜ਼ਰ, ਸਾਬਣ, ਮਾਸਕ, ਰਾਸ਼ਨ ਤੋਂ ਲੈ ਕੇ ਲੇਡੀ ਪੈਡ ਉਸ ਨੇ ਆਪਣੇ ਹੱਥੀਂ ਜਾ ਕੇ ਵੰਡੇ ਹਨ।
ਇਹ ਸੇਵਾ ਉਨ੍ਹਾਂ ਵੱਲੋਂ ਹੁਣ ਵੀ ਜਾਰੀ ਹੈ। ਹੁਣ ਤੱਕ 32 ਹਜ਼ਾਰ ਸੈਨੇਟਰੀ ਨੈਪਕਿਨ ਗਰੀਬ ਔਰਤਾਂ ਨੂੰ ਵੰਡਣ ਵਾਲੀ ਡਾ. ਗਰਗ ਵਿਆਹੁਤਾ ਬੀਬੀਆਂ ਨੂੰ ਪਰਿਵਾਰ ਛੋਟਾ ਰੱਖਣ ਲਈ ਪ੍ਰੇਰਦੀ ਹੈ।
ਵੀਨਾ ਗਰਗ ਕਹਿੰਦੀ ਹੈ ਕਿ ਜਦੋਂ ਉਹ ਬਸਤੀਆਂ ’ਚ ਸੈਨੇਟਰੀ ਨੈਪਕਿਨ ਵੰਡਣ ਜਾਂਦੀ ਹੈ ਤਾਂ ਹੈਰਾਨੀ ਹੁੰਦੀ ਹੈ ਕਿ ਔਰਤਾਂ ਇਸ ਦੀ ਵਰਤੋਂ ਬਾਰੇ ਗ਼ੈਰ-ਵਾਕਿਫ਼ ਹੁੰਦੀਆਂ ਹਨ। ਅਗਿਆਨਤਾ ਵੱਸ ਔਰਤਾਂ ਵੱਲੋਂ ਪਹਿਨੇ ਜਾਂਦੇ ਅੰਦਰੂਨੀ ਕੱਪੜਿਆਂ ਦੀ ਗਿਣਤੀ ਸੀਮਤ ਹੋਣ ਕਾਰਣ ਮਾਸਿਕ ਧਰਮ ਸਮੇਂ ਘਰਾਂ ’ਚ ਸਾਰੀਆਂ ਬੀਬੀਆਂ ਲੋੜ ਸਮੇਂ ਉਨ੍ਹਾਂ ਕੱਪੜਿਆਂ ਨੂੰ ਹੀ ਧੋ ਕੇ ਪਹਿਨਦੀਆਂ ਹਨ। ਡਾ. ਗਰਗ ਸਮਝਾਉਂਦੀ ਹੈ ਕਿ ਅਜਿਹਾ ਕਰਨ ਨਾਲ ਲਾਗ ਦੀਆਂ ਬਿਮਾਰੀਆਂ, ਇਥੋਂ ਤੱਕ ਕਿ ਕੈਂਸਰ ਹੋਣ ਦਾ ਖ਼ਤਰਾ ਮੌਜੂਦ ਰਹਿੰਦਾ ਹੈ, ਉਹ ਔਰਤਾਂ ਸੈਨੇਟਰੀ ਨੈਪਕਿਨ ਦੀ ਵਰਤੋਂ ਲਈ ਪ੍ਰੇਰਦੀ ਹੈ।