ਪੱਤਰ ਪ੍ਰੇਰਕ
ਭੀਖੀ, 24 ਮਈ
ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ(ਆਇਸਾ) ਦੀ ਅਗਵਾਈ ਵਿੱਚ ਦਾ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਦੇ ਅੱਗੇ ਰੋਸ ਰੈਲੀ ਕੀਤੀ ਗਈ। ਇਹ ਰੈਲੀ ਦਲਿਤ ਵਿਦਿਆਰਥੀਆਂ ਤੋਂ ਕਾਲਜ ਵੱਲੋਂ ਪੂਰੀ ਸਕਾਲਰਸ਼ਿਪ ਵਸੂਲਣ ਖ਼ਿਲਾਫ਼ ਕੀਤੀ ਗਈ। ਇਸ ਰੈਲੀ ਨੂੰ ਆਇਸਾ ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ ਅਤੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਨੰਦਗੜ੍ਹ, ਬਸਪਾ ਆਗੂ ਆਤਮਾ ਸਿੰਘ ਪੁਮਾਰ, ਗੁਰਮੇਲ ਸਿੰਘ ਬੋੜਾਵਾਲ, ਮੰਗਤ ਰਾਏ ਭੀਖੀ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਲਜ ਪ੍ਰਸ਼ਾਸਨ ਵੱਲੋਂ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰਕੇ ਵਿਦਿਆਰਥੀਆਂ ਨੂੰ ਡਰਾ ਧਮਕਾ ਕੇ ਜ਼ਬਰੀ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੈਲੀ ਦੌਰਾਨ ਵਿਦਿਆਰਥੀ ਆਗੂਆਂ ਦਾ ਵਫ਼ਦ ਕਾਲਜ ਦੀ ਪ੍ਰਬੰਧਕੀ ਟੀਮ ਨੂੰ ਮਿਲਿਆ, ਪ੍ਰਬੰਧਕਾਂ ਵੱਲੋਂ ਆਗੂਆਂ ਨੂੰ ਵਿਸਵਾਸ਼ ਦਿਵਾਇਆ ਕਿ ਵਿਦਿਆਰਥੀਆਂ ਦੇ ਰੋਲ ਨੰਬਰ ਦਿੱਤੇ ਜਾਣਗੇ ਅਤੇ ਸਾਰੇ ਵਿਦਿਆਰਥੀ ਪੇਪਰ ਦੇ ਸਕਣਗੇ। ਵਿਦਿਆਰਥੀ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕਿਸੇ ਵਿਦਿਆਰਥੀ ਦਾ ਨੁਕਸਾਨ ਹੋਇਆ ਤਾਂ ਕਾਲਜ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ।