ਪੱਤਰ ਪ੍ਰੇਰਕ
ਭਗਤਾ ਭਾਈ, 19 ਅਗਸਤ
ਮਿਸਲ ਸਤਲੁਜ ਵੱਲੋਂ ਪੰਥਕ ਤੇ ਖੇਤਰੀ ਸਿਆਸਤ ਦੀ ਮੁੜ ਸੁਰਜੀਤੀ ਲਈ ਵਿੱਢੀ ‘ਸਮਰੱਥ ਪੰਜਾਬ’ ਮੁਹਿੰਮ ਤਹਿਤ ਅੱਜ ਗੁਰਦੁਆਰਾ ਮਹਿਲ ਸਾਹਿਬ ਭਗਤਾ ਭਾਈ ਵਿੱਚ ਇਕੱਤਰਤਾ ਕੀਤੀ ਗਈ। ਇਸ ਮੌਕੇ ਮਿਸਲ ਦੇ ਆਗੂਆਂ ਨੇ ਜਥੇਬੰਦੀ ਦੇ ਟੀਚਿਆਂ ਅਤੇ ਮਨੋਰਥਾਂ ਤੋਂ ਸੰਗਤ ਨੂੰ ਜਾਣੂ ਕਰਵਾਇਆ। ਮਿਸਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਸੰਗਤ ਨੇ ਹਰ ਸੱਦੇ ’ਤੇ ਆਪ ਮੁਹਾਰੇ ਵੱਡੇ ਇਕੱਠ ਕੀਤੇ ਹਨ ਅਤੇ ਹੁਣ ਲੋਕ ਸਭਾ ਚੋਣਾਂ ਵਿੱਚ ਦੋ ਸੰਸਦ ਮੈਂਬਰ ਜਿਤਾਏ ਹਨ, ਜਿਸ ਤੋਂ ਇਹ ਸਪਸ਼ੱਟ ਹੈ ਕਿ ਸੰਗਤ ’ਚ ਕੋਈ ਕਮੀ ਨਹੀਂ। ਉਨ੍ਹਾਂ ਕਿਹਾ ਕਿ ਅੱਜ ਦਾ ਨੌਜਵਾਨ ਬਹੁਤ ਸਮਝਦਾਰ ਹੈ ਅਤੇ ਹਰ ਮਸਲੇ ਦੀ ਡੂੰਘੀ ਸਮਝ ਰੱਖਦਾ ਹੈ, ਬੱਸ ਉਨ੍ਹਾਂ ਨੂੰ ਲਾਮਬੰਦ ਕਰਨ ਦੀ ਲੋੜ ਹੈ। ਜਨਰਲ ਸਕੱਤਰ ਦਵਿੰਦਰ ਸਿੰਘ ਸੇਖੋਂ ਅਤੇ ਹਰਦੇਵ ਸਿੰਘ ਬਰਾੜ ਘਣੀਏਵਾਲਾ ਨੇ ਕਿਹਾ ਕਿ ਪੰਜਾਬ ਪੱਖੀ ਖੇਤਰੀ ਸਿਆਸਤ ਖੜ੍ਹੀ ਕਰਨਾ ਸਮੇਂ ਦੀ ਲੋੜ ਹੈ। ਸਭ ਨੂੰ ਆਪਣਾ ਫਰਜ਼ ਪਛਾਣਦੇ ਹੋਏ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਯੂਥ ਪ੍ਰਧਾਨ ਮਾਲਵਾ ਸੁਖਵਿੰਦਰ ਸਿੰਘ ਗਗਨ ਸਿੱਧੂ ਨੇ ਸੰਗਤ ਦਾ ਧੰਨਵਾਦ ਕਰਦਿਆਂ ਨੌਜਵਾਨਾਂ ਨੂੰ ਮਿਸਲ ਸਤਲੁਜ ਦਾ ਸਾਥ ਦੇਣ ਦੀ ਅਪੀਲ ਕੀਤੀ।
ਇਸ ਸਮੇਂ ਮਿਸਲ ਦੇ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਰਵਿੰਦਰ ਸਿੰਘ ਗੰਗਾਨਗਰ ਵਾਲੇ, ਹਰਦੀਪ ਸਿੰਘ ਡੋਡ ਸਕੱਤਰ ਯੂਥ, ਗੁਰਚਰਨ ਸਿੰਘ ਖਾਲਸਾ ਪ੍ਰਧਾਨ, ਡਾ. ਨਿਰਭੈ ਸਿੰਘ ਭਗਤਾ, ਅਮਨਦੀਪ ਸਿੰਘ ਡੋਡ, ਰਮਨਦੀਪ ਕੋਠਾ ਗੁਰੂ, ਸੁਖਚੈਨ ਸਿੰਘ, ਸ਼ਗਨਦੀਪ ਕੋਠਾ ਗੁਰੂ ਤੇ ਮਨਦੀਪ ਸਿੰਘ ਹਮੀਰਗੜ੍ਹ ਹਾਜ਼ਰ ਸਨ।