ਲਖਵੀਰ ਸਿੰਘ ਚੀਮਾ
ਟੱਲੇਵਾਲ, 9 ਅਕਤੂਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿੰਡ ਗਹਿਲ ਦੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਨੂੰ ਬੰਦ ਕਰਨ ਦਾ ਫ਼ੈਸਲਾ ਵਾਪਸ ਲੈ ਲਿਆ ਹੈ। ਕੁਝ ਦਿਨ ਪਹਿਲਾਂ ਐੱਸਜੀਪੀਸੀ ਦੇ ਸਿੱਖਿਆ ਡਾਇਰੈਕਟਰ ਵੱਲੋਂ ਕਾਲਜ ਪ੍ਰਿੰਸੀਪਲ ਨੂੰ ਪੱਤਰ ਜਾਰੀ ਕਰਕੇ ਕਾਲਜ ਬੰਦ ਕਰਨ ਦੀ ਫ਼ੈਸਲਾ ਕੀਤਾ ਗਿਆ ਸੀ। ਇਸ ਦਾ ਕਾਰਨ ਵਿਦਿਆਰਥਣਾਂ ਦੇ ਘੱਟ ਦਾਖ਼ਲੇ ਅਤੇ ਵਿੱਤੀ ਘਾਟਾ ਦੱਸਿਆ ਗਿਆ ਸੀ। ਇਸ ਤੋਂ ਬਾਅਦ ਕਾਲਜ ਮੈਨੇਜਮੈਂਟ, ਪਿੰਡ ਗਹਿਲ ਨਿਵਾਸੀਆਂ ਅਤੇ ਇਲਾਕੇ ਦੇ ਬਹੁ ਗਿਣਤੀ ਲੋਕਾਂ ਵਲੋਂ ਵੀ ਵਿਰੋਧ ਕੀਤਾ ਗਿਆ ਸੀ। ਸੋਸ਼ਲ ਮੀਡੀਆ ’ਤੇ ਵੀ ਐੱਸਜੀਪੀਸੀ ਦੀ ਕਾਫ਼ੀ ਜ਼ਿਆਦਾ ਕਿਰਕਰੀ ਹੋਈ ਸੀ। ਇਲਾਕੇ ਦੇ ਐੱਸਜੀਪੀਸੀ ਮੈਂਬਰਾਂ ਨਾਲ ਲੋਕਾਂ ਨੇ ਰਾਬਤਾ ਕਾਇਮ ਕਰਕੇ ਕਾਲਜ ਨੂੰ ਚਾਲੂ ਰੱਖਣ ਲਈ ਦਬਾਅ ਬਣਾਇਆ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਲਜ ਚਾਲੂ ਰੱਖਣ ਦਾ ਵਿਸ਼ਵਾਸ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਕਾਲਜ ਪ੍ਰਿੰਸੀਪਲ ਨੂੰ ਪੱਤਰ ਜਾਰੀ ਕਰਕੇ ਕਾਲਜ ਬੰਦ ਕਰਨ ਦਾ ਫ਼ੈਸਲਾ ਐੱਸਜੀਪੀਸੀ ਨੇ ਵਾਪਸ ਲੈ ਲਿਆ ਹੈ।
ਇਸ ਦੀ ਪੁਸ਼ਟੀ ਕਰਦਿਆਂ ਕਾਲਜ ਪ੍ਰਿੰਸੀਪਲ ਗੁਰਵੀਰ ਸਿੰਘ ਨੇ ਦੱਸਿਆ ਕਿ ਇਲਾਕੇ ਦੀਆਂ ਲੜਕੀਆਂ ਲਈ ਸਿੱਖਿਆ ਦੇ ਭਵਿੱਖ ਨੂੰ ਦੇਖਦਿਆਂ ਕਮੇਟੀ ਪ੍ਰਧਾਨ ਲੌਂਗੋਵਾਲ ਦੇ ਆਦੇਸ਼ਾਂ ਅਨੁਸਾਰ ਇਸ ਕਾਲਜ ਨੂੰ ਚੱਲਦਾ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਪਿੰਡ ਗਹਿਲ ਦੇ ਮੋਹਤਬਰ ਜਗਦੇਵ ਸਿੰਘ ਸੰਧੂ ਅਤੇ ਨਿਸ਼ਾਨ ਸਿੰਘ ਭੋਲਾ ਨੇ ਕਿਹਾ ਕਿ ਇਸ ਕਾਲਜ ਵਿੱਚ ਦਾਖ਼ਲੇ ਵਧਾਉਣ ਲਈ ਲੋਕਾਂ ਨੂੰ ਪ੍ਰੇਰਿਆ ਜਾ ਰਿਹਾ ਹੈ। ਇਸ ਔਖੇ ਸਮੇਂ ਸੰਸਥਾ ਨੂੰ ਵਿੱਤੀ ਮਦਦ ਪਹੁੰਚਾਉਣ ਦਾ ਵਾਅਦਾ ਵੀ ਕੀਤਾ ਗਿਆ ਹੈ ਤਾਂ ਜੋ ਸੰਸਥਾ ਵਿੱਤੀ ਸੰਕਟ ਵਿੱਚੋਂ ਉੱਭਰ ਸਕੇ। ਉਨ੍ਹਾਂ ਐਸਜੀਪੀਸੀ ਪ੍ਰਬੰਧਕਾਂ ਦਾ ਕਾਲਜ ਚਾਲੂ ਰੱਖਣ ਦੇ ਫ਼ੈਸਲਾ ਦਾ ਧੰਨਵਾਦ ਕੀਤਾ।