ਪੱਤਰ ਪ੍ਰੇਰਕ
ਸੰਗਤ ਮੰਡੀ, 15 ਸਤੰਬਰ
ਕਰੋਨਾ ਮਹਾਮਾਰੀ ਦੇ ਚੱਲਦਿਆਂ ਬਠਿੰਡਾ ਜ਼ਿਲ੍ਹੇ ਦੇ ਬਲਾਕ ਸੰਗਤ ਵਿੱਚ ਪੈਂਦੇ ਸਬ ਡਵੀਜ਼ਨਲ ਹਸਪਤਾਲ ਘੁੱਦਾ ਨੂੰ ਕੋਵਿਡ ਆਈਸੋਲੇਸ਼ਨ ਸੈਂਟਰ ਬਣਾਇਆ ਗਿਆ ਸੀ ਅਤੇ ਸਿਹਤ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਇਸ ਹਸਪਤਾਲ ਵਿੱਚ ਆਮ ਸਿਹਤ ਸਹੂਲਤਾਂ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ। ਹੁਣ ਸਿਵਲ ਸਰਜਨ ਬਠਿੰਡਾ ਡਾ ਅਮਰੀਕ ਸਿੰਘ ਸੰਧੂ ਦੀ ਅਗਵਾਈ ਹੇਠ ਹਸਪਤਾਲ ਵਿੱਚ ਆਮ ਸਿਹਤ ਸਹੂਲਤਾਂ ਮੁੜ ਤੋਂ ਚਾਲੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਐੱਸਡੀਐੱਚ ਘੁੱਦਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਸਰਾਂ ਨੇ ਦੱਸਿਆ ਕਿ ਘੁੱਦਾ ਹਸਪਤਾਲ ਵਿੱਚ ਹੁਣ ਤੱਕ 151 ਕਰੋਨਾ ਦੇ ਮਰੀਜ਼ ਭਰਤੀ ਹੋਏ ਹਨ ਅਤੇ ਸਾਰੇ ਹੀ ਪੂਰੀ ਤਰ੍ਹਾਂ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਹੁਣ ਆਮ ਸਿਹਤ ਸਹੂਲਤਾਂ ਜਿਵੇਂ ਕਿ ਓਪੀਡੀ, ਈਐਨਟੀ, ਹੱਡੀਆਂ ਦੀਆਂ ਸਮੱਸਿਆਵਾਂ, ਬੱਚਿਆਂ ਦੀਆਂ ਬੀਮਾਰੀਆਂ ਅਤੇ ਡਿਲੀਵਰੀ ਕੇਸ ਆਦਿ ਪਹਿਲਾਂ ਵਾਂਗ ਸ਼ੁਰੂ ਕਰ ਦਿੱਤੇੇ ਹਨ। ਡਾਕਟਰ ਸਰਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਡਰ ਜਾਂ ਘਬਰਾਹਟ ਤੋਂ ਬੇਫਿਕਰ ਹੋ ਕੇ ਘੁੱਦਾ ਹਸਪਤਾਲ ਤੋਂ ਸਿਹਤ ਸਹੂਲਤਾਂ ਪ੍ਰਾਪਤ ਕਰ ਸਕਦੇ ਹਨ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਹਸਪਤਾਲ ਆਉਣ ਸਮੇਂ ਮੂੰਹ ਢੱਕ ਕੇ ਅਤੇ ਸ਼ਰੀਰਕ ਦੂਰੀ ਬਣਾਉਣ ਦਾ ਖ਼ਾਸ ਧਿਆਨ ਰੱਖਿਆ ਜਾਵੇ।