ਪਰਸ਼ੋਤਮ ਬੱਲੀ
ਬਰਨਾਲਾ, 8 ਅਕਤੂਬਰ
ਭਾਕਿਯੂ ਕਾਦੀਆਂ ਵੱਲੋਂ ਅੱਜ ਇੱਥੇ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਪ੍ਰਧਾਨਗੀ ਹੇਠ ਮਹਾਂ ਕਿਸਾਨ ਸੰਮੇਲਨ ਕਰਵਾਇਆ ਗਿਆ, ਜਿਸ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਵਿਸ਼ੇਸ਼ ਸ਼ਿਰਕਤ ਕੀਤ। ਸੰਮੇਲਨ ਦੌਰਾਨ ਕਿਸਾਨੀ ਦੇ ਭਖਦੇ ਮਸਲਿਆਂ ‘ਤੇ ਵਿਚਾਰਾਂ ਕੀਤੀਆਂ। ਸ੍ਰੀ ਕਾਦੀਆਂ ਨੇ ਕਿਹਾ ਕਿ ਰੈਗੂਲੇਸ਼ਨ ਐਕਟ 1961 ਦੀ ਧਾਰਾ 2 ਜੀ ਵਿੱਚ ਸੋਧ ਦਾ ਬਹਾਨਾਂ ਬਣਾ ਕੇ ਪੰਜਾਬ ਸਰਕਾਰ ਮੋਦੀ ਸਰਕਾਰ ਦੀ ਤਰਜ ‘ਤੇ ਜ਼ੁਮਲਾ ਮੁਸ਼ਤਰਕਾ ਮਾਲਕਾਨ ਦੀਆਂ ਜ਼ਮੀਨਾਂ ਨੂੰ ਨਿੱਜੀ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਦੇਣਾ ਚਾਹੁੰਦੀ ਹੈ। ਸਰਕਾਰ ਦੇ ਇਸ ਲੋਕ ਵਿਰੋਧੀ ਮਨਸੂਬਿਆਂ ਨੂੰ ਪੰਜਾਬ ਦੀਆਂ ਕਿਸਾਨ ਧਿਰਾਂ ਕਦੇ ਪੂਰਾ ਨਹੀਂ ਹੋਣ ਦੇਣਗੀਆਂ। ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧ ਦੇ ਮਸਲੇ ‘ਤੇ ਰਾਜ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰਾਂ ਲਿੱਪਾ-ਪੋਚੀ ਕਰ ਰਹੀ ਹੈ,ਜੇ ਸਰਕਾਰ ਵਾਤਾਵਰਨ ਦੀ ਸ਼ੁੱਧਤਾ ਚਾਹੁੰਦੀ ਹੈ ਤਾਂ ਸੁਪਰੀਮ ਕੋਰਟ ਦੇ 6 ਨਵੰਬਰ 2019 ਦੇ ਹੁਕਮਾਂ ਅਨੁਸਾਰ 2500 ਰੁਪਏ ਪ੍ਰਤੀ ਏਕੜ ਸਹਾਇਤਾ ਦੇਵੇ ਤੇ ਨਾਲ 100 ਫੀਸਦ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੇ ਸੰਦ ਸਬਸਿਡੀ’ਤੇ ਮਸ਼ੀਨਰੀ ਮੁਹੱਈਆ ਕਰਵਾਏ। ਸਰਕਾਰ ਵੱਲੋਂ ਕਿਸਾਨਾਂ’ਤੇ ਕਿਸੇ ਵੀ ਕਾਰਵਾਈ ਦਾ ਪਰਾਲੀ ਦੀਆਂ ਟਰਾਲੀਆਂ ਸੜਕਾਂ ‘ਤੇ ਢੇਰੀ ਕਰਕੇ ਵਿਰੋਧ ਕੀਤਾ ਜਾਵੇਗਾ। ਪੰਜਾਬ ਦੇ ਪਾਣੀਆਂ ਮੁੱਦੇ ‘ਤੇ ਕਿਹਾ ਕਿ ਰਿਪੇਰੀਅਨ ਕਾਨੂੰਨ ਤਹਿਤ ਡੈਮਾਂ ‘ਤੇ ਪੰਜਾਬ ਹੱਕ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਐੱਸਵਾਈਐੱਲ ਮੁੱਦੇ’ਤੇ ਦਲੇਰੀ ਨਾਲ ਪੰਜਾਬ ਤੇ ਲੋਕਾਂ ਨਾਲ ਖੜਨ ਲਈ ਆਖਿਆ। ਇਸ ਮੌਕੇ ਸੂਬਾ ਕਮੇਟੀ ਆਗੂਆਂ ਤੋਂ ਇਲਾਵਾ ਬਲਾਕ ਪ੍ਰਧਾਨ ਬਰਨਾਲਾ ਭੁਪਿੰਦਰ ਸਿੰਘ ਬਿੱਟੂ, ਬਲਾਕ ਪ੍ਰਧਾਨ ਸ਼ਹਿਣਾ ਜਸਵੀਰ ਸਿੰਘ ਸੁਖਪੁਰਾ, ਬਲਾਕ ਪ੍ਰਧਾਨ ਮਹਿਲ ਕਲਾਂ ਗੁਰਧਿਆਨ ਸਿੰਘ ਸਹਿਜੜਾ ਨੇ ਵੀ ਸੰਬੋਧਨ ਕੀਤਾ।