ਇਕਬਾਲ ਸਿੰਘ ਸ਼ਾਂਤ
ਲੰਬੀ, 28 ਅਕਤੂਬਰ
ਪਿੰਡ ਘੁਮਿਆਰਾ ਵਿਖੇ ਅੱਜ ਅਦਾਲਤੀ ਨਿਰਦੇਸ਼ਾਂ ’ਤੇ ਕਿਸਾਨ ਜਗਨੰਦਨ ਸਿੰਘ ਦੀ ਚਾਰ ਏਕੜ ਜ਼ਮੀਨ ਉੱਪਰ ਕਬਜ਼ਾ ਕਾਰਵਾਈ ਮੌਕੇ ਪੁਲੀਸ ਅਤੇ ਕਿਸਾਨਾਂ ਵਿਚਕਾਰ ਤਲਖੀ ਅਤੇ ਖਿੱਚ-ਧੂਹ ਹੋਈ, ਜਿਸ ਵਿੱਚ ਕਿਸਾਨ ਪਰਿਵਾਰ ਦੀ ਨਾਬਾਲਗ ਲੜਕੀ, ਬਲਾਕ ਆਗੂ ਗੁਰਪਾਸ਼ ਸਿੰਘੇਵਾਲਾ ਸਮੇਤ ਅੱਧੀ ਦਰਜਨ ਕਿਸਾਨਾਂ ਦੇ ਸੱਟਾਂ ਵੱਜੀਆਂ ਹਨ। ਭਾਕਿਯੂ (ਏਕਤਾ) ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘ ਨੇ ਪੁਲੀਸ ’ਤੇ ਲਾਠੀਚਾਰਜ਼ ਦੇ ਦੋਸ਼ ਲਗਾਏ ਹਨ। ਕਬਜ਼ਾ ਕਾਰਵਾਈ ਲਈ ਮਲੋਟ ਦੇ ਐੱਸਡੀਐੱਮ ਕੰਵਰਜੀਤ ਸਿੰਘ ਮਾਨ ਦੀ ਅਗਵਾਈ ਹੇਠ ਡਿਊਟੀ ਮੈਜਿਸਟਰੇਟ-ਕਮ-ਤਹਿਸੀਲਦਾਰ ਜਸਪਾਲ ਸਿੰਘ ਬਰਾੜ, ਨਾਇਬ ਤਹਿਸੀਲਦਾਰ ਭੋਲਾ ਰਾਮ, ਡੀਐੱਸਪੀ ਬਲਕਾਰ ਸਿੰਘ, ਥਾਣਾ ਮੁਖੀ ਮਨਿੰਦਰ ਸਿੰਘ, ਚੌਕੀ ਮੁਖੀ ਸੁਖਜੀਤ ਸਿੰਘ ਪੁਲੀਸ ਦਲ-ਬਲ ਨਾਲ ਮੌਕੇ ’ਤੇ ਪੁੱਜੇ। ਸਬੰਧਤ ਖੇਤ ’ਚ ਮੌਜੂਦ ਕਿਸਾਨ ਜਗਨੰਦਨ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਭਾਕਿਯੂ (ਏਕਤਾ) ਉਗਰਾਹਾਂ ਦੇ ਕਾਫ਼ੀ ਗਿਣਤੀ ਕਿਸਾਨ ਕਾਰਕੁਨਾਂ ਨੇ ਕਬਜ਼ਾ ਕਾਰਵਾਈ ਦਾ ਵਿਰੋਧ ਕੀਤਾ। ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਪੁਲੀਸ ਵੱਲੋਂ ਲਾਠੀਚਾਰਜ ’ਚ ਉਸ ਤੋਂ ਇਲਾਵਾ ਕਿਸਾਨ ਜਗਨੰਦਨ ਸਿੰਘ ਦੀ ਨਾਬਾਲਗ ਪੋਤਰੀ ਨਵਜੋਤ ਕੌਰ, ਪੋਤਰਾ ਦੀਪਕ, ਉਸ ਦੇ ਪੁੱਤਰ ਸੁਖਮੰਦਰ ਸਿੰਘ, ਲਖਵਿੰਦਰ ਸਿੰਘ, ਹਰਮੇਲ ਸਿੰਘ ਘੁਮਿਆਰਾ ਦੇ ਸੱਟਾਂ ਵੱਜੀਆਂ ਹਨ। ਦੂਜੇ ਪਾਸੇ ਮਲੋਟ ਦੇ ਐੱਸਡੀਐੱਮ ਕੰਵਰਜੀਤ ਸਿੰਘ ਮਾਨ ਨੇ ਲਾਠੀਚਾਰਜ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਅਦਾਲਤ ਦੇ ਨਿਰਦੇਸ਼ਾਂ ’ਤੇ ਘੁਮਿਆਰਾ ਵਿੱਚ ਸ਼ਾਂਤਮਈ ਮਾਹੌਲ ਵਿੱਚ ਜ਼ਮੀਨ ਦਾ ਕਬਜ਼ਾ ਕਾਰਵਾਈ ਕੀਤੀ ਗਈ ਹੈ।