ਇਕਬਾਲ ਸਿੰਘ ਸ਼ਾਂਤ
ਲੰਬੀ, 12 ਜੁਲਾਈ
ਪਿੰਡ ਘੁਮਿਆਰਾ ਦੀ ਪੰਚਾਇਤ ਨੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਪਾਸ ਮਤਾ ਅਤੇ ਨੌਜਵਾਨ ਤੇ ਪੁਰਸ਼ਾਂ ਦੇ ਡੋਪ ਟੈਸਟ ਕਰਵਾਉਣ ਵਾਲੀ ਮੰਗ ਨੂੰ ਕਾਨੂੰਨੀ ਕਾਰਵਾਈ ਦੇ ਰਾਹ ਪਾ ਦਿੱਤਾ ਹੈ। ਇਸ ਸਬੰਧੀ ਅੱਜ ਘੁਮਿਆਰਾ ਦੀ ਸਰਪੰਚ ਮਨਿੰਦਰ ਕੌਰ, ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰੂਹੀ ਦੁੱਗ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੰਚਾਇਤੀ ਮਤੇ ‘ਤੇ ਆਧਾਰਤ ਦਸਤਾਵੇਜ਼ ਅਤੇ ਮੰਗ ਪੱਤਰ ਸੌਂਪਿਆ। ਇਸ ਮੌਕੇ ਪੰਚਾਇਤ ਨੇ ਡਿਪਟੀ ਕਮਿਸ਼ਨਰ ਤੋਂ ਘੁਮਿਆਰਾ ਨੂੰ ਨਸ਼ਾ ਮੁਕਤ ਕਰਨ ਪ੍ਰਤੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਤੇ ਹਮਾਇਤ ਮੰਗੀ। ਪੰਚਾਇਤ ਵੱਲੋਂ ਤਿੰਨ ਸੂਤਰੀ ਦਸਤਾਵੇਜ਼ੀ ਰਿਪੋਰਟ-ਕੰਮ-ਮੰਗ ਪੱਤਰ ‘ਚ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ ਕਰਕੇ ਸਰਕਾਰੀ ਮੈਡੀਕਲ ਸਟੋਰ ਖੋਲ੍ਹਣ, ਪਿੰਡ ਦੇ ਨੌਜਵਾਨ ਤੇ ਪੁਰਸ਼ਾਂ ਦੇ ਡੋਪ ਟੈਸਟ ਕਰਵਾਉਣ ਦੀ ਮੰਗ ਕੀਤੀ ਗਈ। ਸਰਪੰਚ ਮਨਿੰਦਰ ਕੌਰ, ਸਰਪੰਚ ਪ੍ਰਤੀਨਿਧੀ ਕੁਲਵੰਤ ਸਿੰਘ, ‘ਆਪ’ ਆਗੂ ਟੇਕ ਸਿੰਘ ਪੰਚ, ਲੱਖਾ ਸਿੰਘ ਪੰਚ, ਹਰਦੀਪ ਸਿੰਘ ਪੰਚ, ਰਛਪਾਲ ਸਿੰੰਘ ਪੰਚ, ਰਾਜਪਾਲ ਕੌਰ ਪੰਚ ਤੇ ਯੂਥ ਆਗੂ ਰਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਿਚਲੇ ਮੈਡੀਕਲ ਸਟੋਰਾਂ ਨੇ ਘੁਮਿਆਰਾ ਦੇ 13-14 ਸਾਲ ਤੋਂ ਲੈ ਕੇ ਸੈਂਕੜੇ ਨੌਜਵਾਨ ਅਤੇ ਪੁਰਸ਼ਾਂ ਨੂੰ ਮੈਡੀਕਲ ਨਸ਼ਾ ਦਾ ਆਦੀ ਬਣਾ ਦਿੱਤਾ। ਇਸ ਦੌਰਾਨ ਪੰਚਾਇਤ ਨੇ ਸਿਹਤ ਵਿਭਾਗ ਤੋਂ ਪਿੰਡ ਦੇ ਨੌਜਵਾਨਾਂ ਤੇ ਪੁਰਸ਼ਾਂ ਦੇ ਡੋਪ ਟੈਸਟ ਕਰਵਾਉਣ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਖਰਚਾ ਸਹਿਣ ਨਾ ਕਰ ਸਕੇ ਤਾਂ ਪੰਚਾਇਤ ਨੂੰ ਵਿੱਤ ਕਮਿਸ਼ਨ ਗਰਾਂਟ ਵਿੱਚੋਂ ਡੋਪ ਟੈਸਟ ਕਰਵਾਉਣ ਦੀ ਮਨਜ਼ੂਰੀ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਰੂਹੀ ਦੁੱਗ ਨੇ ਸਮੁੱਚੇ ਮਾਮਲੇ ’ਤੇ ਢੁੱਕਵੀਂ ਪ੍ਰਸ਼ਾਸਨੀ ਕਾਰਵਾਈ ਦਾ ਭਰੋਸਾ ਦਿੱਤਾ।