ਪੱਤਰ ਪ੍ਰੇਰਕ
ਮਾਨਸਾ, 27 ਫਰਵਰੀ
ਮਾਨਸਾ ਦੇ ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹੇ ਭਰ ਵਿੱਚ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਮੁਹਿੰਮ ਅੱਜ ਤੋਂ 1 ਮਾਰਚ ਤੱਕ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐੱਸਐੱਮਓ ਖਿਆਲਾ ਕਲਾਂ ਡਾ. ਹਰਦੀਪ ਸ਼ਰਮਾ ਦੀ ਦੇਖਰੇਖ ਹੇਠ ਖਿਆਲਾ ਕਲਾਂ ਬਲਾਕ ਦੇ ਹਰ ਪਿੰਡ ਵਿੱਚ ਪੋਲੀਓ ਬੂੰਦਾਂ ਪਿਲਾਉਣ ਲਈ ਟੀਮਾਂ ਲਗਾਈਆਂ ਗਈਆਂ ਹਨ। ਇਸੇ ਦੌਰਾਨ ਹੀ ਪਿੰਡ ਮੂਸਾ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਇੱਕ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਨੰਗਲ ਕਲਾਂ ਸੈਕਟਰ ਵਿੱਚ ਵੱਖ ਵੱਖ ਪਿੰਡਾਂ ਵਿੱਚ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਇਸ ਮੁਹਿੰਮ ਤਹਿਤ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਮਾਈਗਰੇਟਰੀ ਅਬਾਦੀ ਦੀ ਕਵਰੇਜ਼ ਲਈ ਮੋਬਾਈਲ ਟੀਮ ਵਿੱਚ ਸਿਹਤ ਕਰਮੀ ਮਨਦੀਪ ਸਿੰਘ, ਪਰਦੀਪ ਸਿੰਘ,ਚਾਨਣਦੀਪ ਸਿੰਘ ਅਤੇ ਰਵਿੰਦਰ ਕੁਮਾਰ ਨੇ ਡਿਊਟੀ ਨਿਭਾਈ।
ਸ਼ਹਿਣਾ (ਪੱਤਰ ਪ੍ਰੇਰਕ): ਸਿਹਤ ਵਿਭਾਗ ਵੱਲੋਂ ਅੱਜ ਕਸਬੇ ਸ਼ਹਿਣਾ ਵਿੱਚ ਛੇ ਬੂਥ ਲਾ ਕੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਸਿਹਤ ਕਰਮਚਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤਿੰਨ ਰੋਜ਼ਾ ਮੁਹਿੰਮ ਦੌਰਾਨ 600 ਦੇ ਕਰੀਬ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਹੈ।
ਤਪਾ ਮੰਡੀ (ਪੱਤਰ ਪ੍ਰੇਰਕ): ਸਿਹਤ ਬਲਾਕ ਤਪਾ ਅਧੀਨ ਵੱਖ-ਵੱਖ ਥਾਈਂ ਬਣੇ ਬੂਥਾਂ ’ਤੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਸਬ ਡਵੀਜ਼ਨਲ ਹਸਪਤਾਲ ਤਪਾ ਵਿੱਚ ਐੱਸਐੱਮਓ ਡਾ. ਨਵਜੋਤਪਾਲ ਸਿੰਘ ਭੁੱਲਰ, ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਤੇ ਗੌਤਮ ਰਿਸ਼ੀ ਨੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਮੁਹਿੰਮ ਦਾ ਆਗਾਜ਼ ਕੀਤਾ।
ਬੁਢਲਾਡਾ (ਨਿੱਜੀ ਪੱਤਰ ਪ੍ਰੇਰਕ): ਸਬ ਡਿਵੀਜਨਲ ਮੈਜਿਸਟ੍ਰੇਟ ਕਾਲਾ ਰਾਮ ਕਾਂਸਲ ਅਤੇ ਡਾ. ਗੁਰਚੇਤਨ ਪ੍ਰਕਾਸ ਐੱਸਐੱਮਓ ਵੱਲੋਂ ਸਾਂਝੇ ਤੌਰ ’ਤੇ ਐੱਸਡੀਐੱਚ ਬੁਢਲਾਡਾ ਵਿੱਚ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਫਾਜ਼ਿਲਕਾ (ਨਿੱਜੀ ਪੱਤਰ ਪ੍ਰੇਰਕ): ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਅੱਜ ਜ਼ਿਲ੍ਹੇ ਵਿੱਚ 65261 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਸਿਵਲ ਸਰਜਨ ਡਾ ਤੇਜਵੰਤ ਸਿੰਘ ਨੇ ਜਿਲ੍ਹੇ ਵਾਸੀਆਂ ਨੂੰ ਪੋਲੀਓ ਟੀਮਾਂ ਨੂੰ ਸਹਿਯੋਗ ਦੇਣ ਲਈ ਅਪੀਲ ਕੀਤੀ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਨਾਗਰਿਕ ਹਸਪਤਾਲ ਤੋਂ ਪਲਸ ਪੋਲੀਓ ਮੁਹਿੰਮ ਸ਼ੁਰੂ ਕੀਤੀ ਗਈ। ਜ਼ਿਲ੍ਹੇ ’ਚ 742 ਬੂਥਾਂ ’ਤੇ ਬੱਚਿਆਂ ਨੂੰ ਪੋਲੀਓ ਰੋਕੂ ਬੰਦਾਂ ਪਿਲਾਈਆਂ ਗਈਆਂ। ਇਸ ਮੁਹਿੰਮ ਵਿੱਚ ਰੋਟਰੀ ਕੱਲਬ ਵੱਲੋਂ ਸਹਿਯੋਗ ਕੀਤਾ ਗਿਆ।
ਬੱਚਿਆਂ ਨੂੰ ਖਿਡੌਣੇ ਵੰਡੇ
ਬਰਨਾਲਾ (ਖੇਤਰੀ ਪ੍ਰਤੀਨਿਧ): ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਤਹਿਤ ਜ਼ਿਲ੍ਹੇ ਦੇ 64012 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦੀ ਸ਼ੁਰੂਆਤ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਸਿਵਲ ਹਸਪਤਾਲ ਬਰਨਾਲਾ ਤੋਂ ਕੀਤੀ। ਇਸ ਮੌਕੇ ਰੋਟਰੀ ਕਲੱਬ ਬਰਨਾਲਾ ਦੇ ਪ੍ਰਧਾਨ ਨਰੇਸ਼ ਸਿੰਗਲਾ, ਕ੍ਰਿਸ਼ਨ ਜਿੰਦਲ, ਸੁਰਿੰਦਰ ਮਿੱਤਲ, ਰਾਜੂ ਸ਼ਰਮਾ, ਰਾਜੇਸ਼ ਗਰਗ ਮੈਂਬਰਾਂ ਵੱਲੋਂ ਬੱਚਿਆਂ ਨੂੰ ਖਿਡੌਣੇ ਵੀ ਦਿੱਤੇ ਗਏ।