ਪਰਸ਼ੋਤਮ ਬੱਲੀ
ਬਰਨਾਲਾ, 15 ਅਕਤੂਬਰ
ਤਰਕਸ਼ੀਲ ਸੁਸਾਇਟੀ ਪੰਜਾਬ ਨੇ ਸਮਾਜਿਕ ਕਾਰਕੁਨ ਅਤੇ ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਜੀਐੱਨ ਸਾਈ ਬਾਬਾ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਹਕੂਮਤੀ ਜਬਰ ਹੇਠ ਇਕ ਯੋਜਨਾਬੱਧ ਨਿਆਂਇਕ ਕਤਲ ਕਰਾਰ ਦਿੱਤਾ। ਇਸ ਦੇ ਨਾਲ ਹੀ ਆਗੂਆਂ ਨੇ ਪ੍ਰੋ. ਸਾਈ ਬਾਬਾ ਨੂੰ ਗੰਭੀਰ ਹਾਲਤ ਵਿੱਚ ਦਸ ਸਾਲ ਜੇਲ੍ਹ ਵਿੱਚ ਰੱਖਣ ਅਤੇ ਯੋਗ ਇਲਾਜ ਨਾ ਕਰਵਾਉਣ ਲਈ ਜ਼ਿੰਮੇਵਾਰ ਪੁਲੀਸ ਅਤੇ ਜਾਂਚ ਏਜੰਸੀ ਦੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਸੁਸਾਇਟ ਦੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋਂ, ਬਲਬੀਰ ਲੌਂਗੋਵਾਲ ਅਤੇ ਸੁਮੀਤ ਅੰਮ੍ਰਿਤਸਰ ਨੇ ਇੱਥੇ ਸੂਬਾ ਹੈੱਡ ਕੁਆਰਟਰ ਤਰਕਸ਼ੀਲ ਭਵਨ ਵਿੱਚ ਸੰਬੋਧਨ ਕਰ ਰਹੇ ਸਨ। ਤਰਕਸ਼ੀਲ ਆਗੂਆਂ ਨੇ ਮੰਗ ਕੀਤੀ ਕਿ ਨਿਰਦੋਸ਼ ਪ੍ਰੋ. ਸਾਈਬਾਬਾ ਦੇ ਸਾਜ਼ਿਸ਼ੀ ਕਤਲ ਲਈ ਜ਼ਿੰਮੇਵਾਰ ਪੁਲੀਸ, ਜਾਂਚ ਏਜੰਸੀ ਤੇ ਸਿਆਸੀ ਤੇ ਹਕੂਮਤੀ ਸਾਜ਼ਿਸ਼ਕਾਰਾਂ ਖ਼ਿਲਾਫ਼ ਸੁਪਰੀਮ ਕੋਰਟ ਖ਼ੁਦ ਐਕਸ਼ਨ ਲੈ ਕੇ ਸਖ਼ਤ ਸਜ਼ਾਵਾਂ ਦੇਵੇ ਤਾਂ ਕਿ ਲੋਕ ਪੱਖੀ ਚਿੰਤਕਾਂ ਤੇ ਕਾਰਕੁਨਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲੇ ਗੱਠਜੋੜ ਨੂੰ ਨਕੇਲ ਪਾਈ ਜਾ ਸਕੇ।