ਸਿਰਸਾ ਵਿੱਚ ਹਰਿਆਣਾ ਰੋਡਵੇਜ਼ ਦਾ ਚੱਕਾ ਜਾਮ ਰਿਹਾ; ਰੇਲਵੇ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ
ਪ੍ਰਭੂ ਦਿਆਲ
ਸਿਰਸਾ, 27 ਸਤੰਬਰ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਹਰਿਆਣਾ ਰੋਡਵੇਜ਼ ਦਾ ਸਵੇਰੇ ਛੇ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਚੱਕਾ ਜਾਮ ਹੋ ਗਿਆ। ਇੱਕ ਦਰਜਨ ਤੋਂ ਵੱਧ ਥਾਵਾਂ ’ਤੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਨੈਸ਼ਨਲ ਹਾਈਵੇਅ ਨੌਂ ਅਤੇ ਸਟੇਟਵੇਅ ’ਤੇ ਜਾਮ ਲਾਇਆ ਗਿਆ। ਭਾਵਦੀਨ ਟੌਲ ਪਲਾਜਾ, ਖੁਈਆਂ ਮਲਕਾਣਾ ਟੌਲ ਪਲਾਜਾ ਦੋਂ ਇਲਾਵਾ ਪਿੰਡ ਪੰਜੂਆਣਾ ਨੇੜੇ ਕਿਸਾਨਾਂ ਦੇ ਲੰਗਰ ਸਥਾਨ ’ਤੇ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ ਹੈ। ਹਰਿਆਣਾ ਤੇ ਰਾਜਸਥਾਨ ਨੂੰ ਜੋੜਨ ਵਾਲੇ ਤੇ ਪੰਜਾਬ ਤੇ ਹਰਿਆਣਾ ਨੂੰ ਜੋੜਨ ਵਾਲੇ ਸਾਰੇ ਸਟੇਟਵੇੇਅ ’ਤੇ ਵੱਖ-ਵੱਖ ਥਾਵਾਂ ’ਤੇ ਕਿਸਾਨਾਂ ਮਜ਼ਦੂਰਾਂ ਵੱਲੋਂ ਜਾਮ ਲਾਇਆ ਗਿਆ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ‘ਭਾਰਤ ਬੰਦ’ ਹਰਿਆਣਾ ਰੋਡਵੇਜ਼ ਦਾ ਚੱਕਾ ਸ਼ਾਮ ਚਾਰ ਵਜੇ ਤੱਕ ਪੂਰੀ ਤਰ੍ਹਾਂ ਜਾਮ ਰਿਹਾ ਤੇ ਰੇਲਵੇ ਸੇਵਾਵਾਂ ਪ੍ਰਭਾਵਿਤ ਹੋਈਆਂ। ਇਸ ਮੌਕੇ ਕਿਸਾਨ ਸਭਾ ਦੇ ਸੀਨੀਅਰ ਆਗੂ ਸਵਰਨ ਸਿੰਘ ਵਿਰਕ, ਡਾ. ਸੁਖਦੇਵ ਸਿੰਘ ਜੰਮੂ, ਜਗਰੂਪ ਸਿੰਘ ਚੌਬੁਰਜਾ, ਹਰਿਆਣਾ ਕਿਸਾਨ ਮੰਚ ਦੇ ਸੂਬਾਈ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ, ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਲੱਖਾ, ਗੁਰੀ ਸ਼ੇਖੋਂ, ਸਤਪਾਲ ਸਿੰਘ, ਭਜਨ ਲਾਲ ਕੰਬੋਜ, ਭਜਨ ਲਾਲ ਬਾਜੇਕਾਂ ਨੇ ਸੰਬੋਧਨ ਕੀਤਾ। ਸਰਵ ਕਰਮਚਾਰੀ ਸੰਘ, ਟਰੇਡ ਯੂਨੀਅਨਾਂ ਦੇ ਆਗੂਆਂ ਤੇ ਕਾਰਕੁਨਾਂ, ਸਰਵ ਭਾਰਤ ਨੌਜਵਾਨ ਸਭਾ ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਬੰਦ ਦੀ ਹਮਾਇਤ ਕੀਤੀ ਗਈ।