ਨਿੱਜੀ ਪੱਤਰ ਪ੍ਰੇਰਕ
ਮੋਗਾ, 9 ਜੁਲਾਈ
ਪਿੰਡ ਡਗਰੂ ਵਿਚ ਬੀਤੀ ਰਾਤ ਚੋਰਾਂ ਵੱਲੋਂ ਸਰਕਾਰੀ ਹਸਪਤਾਲ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਚੋਰਾਂ ਵੱਲੋਂ ਕਮਰਿਆਂ ਦੇ ਤਾਲੇ ਤੋੜ ਕੇ ਫਰਿੱਜ, ਕੂਲਰ, ਇਨਵਰਟਰ, ਬੈਟਰਾ, ਗੈਸ ਸਿਲੰਡਰ, ਭਾਰ ਤੋਲਣ ਵਾਲੀ ਡਿਜੀਟਲ ਮਸ਼ੀਨ ਸਮੇਤ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸੀਐੱਚਓ ਡਿੰਪਲਦੀਪ ਕੌਰ ਅਤੇ ਕਿਰਨਦੀਪ ਕੌਰ ਨੇ ਥਾਣਾ ਘੱਲ ਕਲਾਂ ਪੁਲੀਸ ਨੂੰ ਦੱਸਿਆਕਿ ਮੰਗਲਵਾਰ ਨੂੰ ਸਵੇਰੇ ਜਦੋਂ ਉਹ ਆਪਣੀ ਡਿਊਟੀ ’ਤੇ ਆਏ ਤਾਂ ਹਸਪਤਾਲ ਦੇ ਜਿੰਦਰੇ ਟੁੱਟੇ ਹੋਏ ਸਨ। ਜਦੋਂ ਅੰਦਰ ਜਾਂਚ ਕੀਤੀ ਤਾਂ ਇਕ ਫਰਿਜ, ਦੋ ਕੂਲਰ ਵੱਡੇ, ਇਕ ਇਨਵਰਟਰ, ਬੈਟਰਾ, ਗੈਸ ਸਿਲੰਡਰ, ਭਾਰ ਤੋਲਣ ਵਾਲੀ ਡਿਜੀਟਲ ਮਸ਼ੀਨ, ਦੋ ਲੋਹੇ ਦੇ ਫੁੱਟ ਸਟੈਪ, 2 ਲੋਹੇ ਦੀਆਂ ਕੁਰਸੀਆਂ ਗਾਇਬ ਸਨ। ਪੁਲੀਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।