ਪੱਤਰ ਪ੍ਰੇਰਕ
ਜ਼ੀਰਾ, 28 ਅਪਰੈਲ
ਸਰਕਾਰੀ ਹਸਪਤਾਲ ਜ਼ੀਰਾ ਵਿੱਚ ਇਲਾਜ ਲਈ ਆਏ ਮਰੀਜ਼ ਨੇ ਡਾਕਟਰ ’ਤੇ ਦੁਰਵਿਹਾਰ ਦਾ ਦੋਸ਼ ਲਗਾਉਂਦਿਆਂ ਉਸ ਨੂੰ ਦਵਾਈ ਨਾ ਦੇਣ ਅਤੇ ਮਰੀਜ਼ ਨੂੰ ਪਾਗਲ ਕਹੇ ਜਾਣ ਦਾ ਵੀ ਦੋਸ਼ ਲਗਾਇਆ। ਪੀੜਤ ਮਰੀਜ਼ ਰੂਪ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਵਾਸੀ ਪਿੰਡ ਝਤਰਾ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਸਰਕਾਰੀ ਹਸਪਤਾਲ ਜ਼ੀਰਾ ਵਿੱਚ ਸਿਹਤ ਖ਼ਰਾਬ ਹੋਣ ਕਰਕੇ ਦਵਾਈ ਲੈਣ ਆਏ ਸਨ ਅਤੇ ਹਸਪਤਾਲ ਵਿਚ ਤਾਇਨਾਤ ਡਾਕਟਰ ਵੱਲੋਂ ਉਨ੍ਹਾਂ ਨੂੰ ਦਵਾਈ ਦੇਣ ਦੀ ਬਜਾਏ ਮਰੀਜ਼ ਨੂੰ ਪਾਗਲ ਕਹਿ ਕੇ ਉਸ ਦਾ ਇਲਾਜ ਕਿਤੋਂ ਹੋਰ ਕਰਵਾਉਣ ਲਈ ਕਿਹਾ। ਉਨ੍ਹਾਂ ਨਿੱਜੀ ਡਾਕਟਰ ਤੋਂ ਇਲਾਜ ਕਰਵਾ ਲਿਆ। ਦੁਬਾਰਾ ਫਿਰ ਇੱਕ ਦਿਨ ਉਹ ਸਰਕਾਰੀ ਹਸਪਤਾਲ ਜ਼ੀਰਾ ਵਿੱਚ ਦਵਾਈ ਲੈਣ ਅਤੇ ਟੈਸਟ ਕਰਵਾਉਣ ਲਈ ਆਏ ਤਾਂ ਉਕਤ ਡਾਕਟਰ ਵੱਲੋਂ ਉਨਾਂ ਨਾਲ ਦੁਰਵਿਹਾਰ ਕਰਦਿਆਂ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਮੋੜ ਦਿੱਤਾ ਗਿਆ। ਸਰਕਾਰੀ ਹਸਪਤਾਲ ਦੇ ਐੱਸਐੱਮਓ ਮਨਜੀਤ ਕੌਰ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਵਿਚ ਸਨ ਅਤੇ ਮਾਮਲਾ ਹੁਣ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਅਤੇ ਮਾਮਲੇ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।