ਪੁਨੀਤ ਮੈਨਨ
ਧਨੌਲਾ, 4 ਦਸੰਬਰ
ਸੂਬਾ ਸਰਕਾਰ ਵੱਲੋਂ ਮਹਿਲਾਵਾਂ ਲਈ ਸਰਕਾਰੀ ਬੱਸਾਂ ਵਿੱਚ ਮੁਫਤ ਬੱਸ ਸਫ਼ਰ ਦੀ ਸਹੂਲਤ ਸੁੱਖ ਦੀ ਬਜਾਇ ਔਖ ਬਣ ਚੁੱਕੀ ਹੈ। ਮਹਿਲਾ ਸਵਾਰੀ ਨੂੰ ਵੇਖ ਸਰਕਾਰੀ ਬੱਸਾਂ ਦੇ ਡਰਾਈਵਰ ਬੱਸ ਨੂੰ ਦੂਰੋਂ ਲੰਘਾ ਲੈ ਜਾਂਦੇ ਹਨ। ਇਸੇ ਤਰ੍ਹਾਂ ਦਾ ਵਾਕਿਆ ਧਨੌਲਾ ਦੇ ਬੱਸ ਸਟੈਂਡ ’ਤੇ ਅੱਜ ਸਵੇਰ ਵੇਖਣ ਨੂੰ ਮਿਲਿਆ ਜਿੱਥੇ ਮਹਿਲਾਵਾਂ ਨੂੰ ਸਰਕਾਰੀ ਬੱਸਾਂ ਵਿੱਚ ਚੜ੍ਹਨ ਤੋਂ ਇਹ ਕਹਿਕੇ ਕੰਡਕਟਰਾਂ ਵੱਲੋਂ ਰੋਕਿਆ ਜਾਂਦਾ ਰਿਹਾ ਕਿ ਇਹ ਲੰਮੇ ਰੂਟ ਹੋਣ ਕਾਰਨ ਰਸਤੇ ਵਿੱਚ ਨਹੀਂ ਰੁਕਣਗੀਆਂ ਜਿਸ ਕਰਕੇ ਬੱਸ ਸਟੈਂਡ ’ਤੇ ਮਹਿਲਾਵਾਂ ਦਾ ਇਕੱਠ ਵਧਦਾ ਰਿਹਾ।
ਦੱਸਣਯੋਗ ਹੈ ਕਿ ਮੱਸਿਆ ਹੋਣ ਕਾਰਨ ਸ਼ਰਧਾਲੂ ਔਰਤਾਂ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਨਤਮਸਤਕ ਹੋਣ ਜਾ ਰਹੀਆਂ ਸਨ ਪਰ ਸਰਕਾਰੀ ਬੱਸ ਚਾਲਕ ਔਰਤਾਂ ਦੀ ਬਹੁਤਾਤ ਦੇਖਦਿਆਂ ਬੱਸਾਂ, ਸਟੈਂਡ ਅੰਦਰ ਰੋਕਣ ਦੀ ਬਜਾਏ ਪਿੱਛੇ ਰੋਕ ਸਵਾਰੀਆਂ ਲਾਹ ਕੇ ਲੰਘ ਰਹੇ ਸਨ। ਇਸ ਦੌਰਾਨ ਅਕਾਲੀ ਦਲ ਸੰਯੁਕਤ ਦੇ ਆਗੂ ਮੁਨੀਸ਼ ਬਾਂਸਲ ਨੇ ਮਹਿਲਾਵਾਂ ਨੂੰ ਇਕੱਠਾ ਕਰ ਬੱਸਾਂ ਘੇਰ ਕੇ ਰੋਕਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਮਹਿਲਾ ਸਵਾਰੀਆਂ ਦਾ ਸਫ਼ਰ ਮੁਫ਼ਤ ਹੋਣ ਕਾਰਨ ਉਨ੍ਹਾਂ ਨੂੰ ਆਨੇ-ਬਹਾਨੇ ਬੱਸ ਵਿੱਚ ਚੜ੍ਹਨ ਨਹੀਂ ਦਿੱਤਾ ਜਾਂਦਾ ਜਿਸ ਕਾਰਨ ਖ਼ੁਦ ਅੱਗੇ ਆ ਕੇ ਔਰਤਾਂ ਦੀ ਮਦਦ ਕਰਨੀ ਪਈ। ਇਸ ਮੌਕੇ ਪਰਵੀਨ ਰਾਣੀ ,ਰਮਨਦੀਪ ਕੌਰ, ਸੁਖਦੀਪ ਕੌਰ, ਅਮਰੋ, ਮੁਖਤਿਆਰ ਕੌਰ ਅਤੇ ਪਰਦੀਪ ਕੌਰ ਨੇ ਕਿਹਾ ਕਿ ਸਰਕਾਰ ਨੇ ਮੁਫ਼ਤ ਸਹੂਲਤ ਤਾਂ ਦਿੱਤੀ ਹੈ ਪਰ ਜ਼ਮੀਨੀ ਪੱਧਰ ’ਤੇ ਔਰਤਾਂ ਨੂੰ ਇਸਦਾ ਲਾਭ ਮਿਲਣ ਦੀ ਬਜਾਇ ਨੁਕਸਾਨ ਹੋ ਰਿਹਾ ਹੈ। ਦੂਜੇ ਪਾਸੇ ਇੱਕ ਬੱਸ ਦੇ ਕੰਡਕਟਰ ਨੇ ਕਿਹਾ ਕਿ ਕੁਝ ਬੱਸਾਂ ਲੰਮੇ ਰੂਟ ਲਈ ਚੱਲਣ ਕਾਰਨ ਮੇਨ ਸਟੈਂਡ ’ਤੇ ਹੀ ਰੁਕਦੀਆਂ ਹਨ। ਇਸ ਮੌਕੇ ਮਹਿਲਾਵਾਂ ਨੇ ਟਰਾਂਸਪੋਰਟ ਮੰਤਰੀ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ।