ਇਕਬਾਲ ਸਿੰੰਘ ਸ਼ਾਂਤ
ਡੱਬਵਾਲੀ/ਲੰਬੀ, 11 ਮਈ
ਪੰਜਾਬ ਵਾਸੀਆਂ ਨੂੰ ਕਰੋਨਾ ਤੋਂ ਬਚਾਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਖ਼ਤ ਹੁਕਮ ਸੂਬਾਈ ਹੱਦਾਂ ’ਤੇ ਰੱਦੀ ਕਾਗਜ਼ਾਂ ਵਾਂਗ ਧੂੜ ’ਚ ਉੱਡਦੇ ਫਿਰਦੇ ਹਨ। ਪੁਲੀਸ ਵੱਲੋਂ ਹਰਿਆਣਾ ਨਾਲ ਲੱਗਦੀਆਂ ਪੰਜਾਬ ਦੀਆਂ ਡੂਮਵਾਲੀ (ਬਠਿੰਡਾ) ਅਤੇ ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ) ਹੱਦਾਂ ’ਤੇ ਪੰਜਾਬ ’ਚ ਦਾਖ਼ਲੇ ਖਾਤਰ ਨਾ ਕਰੋਨਾ ਨੈਗੇਟਿਵ ਰਿਪੋਰਟ ਅਤੇ ਨਾ ਹੀ ਕਰੋਨਾ ਵੈਕਸੀਨ ਸਰਟੀਫਿਕੇਟਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੂਬੇ ’ਚ ਬਿਨਾ ਕਰੋਨਾ ਨੈਗੇਟਿਵ ਰਿਪੋਰਟ ਅਤੇ ਬਿਨਾ ਵੈਕਸੀਨ ਸਰਟੀਫਿਕੇਟ ਦਾਖ਼ਲੇ ’ਤੇ ਪਾਬੰਦੀ ਹੈ। ਡੂਮਵਾਲੀ ਨਾਕੇ (ਡੱਬਵਾਲੀ-ਬਠਿੰਡਾ ਕੌਮੀ ਸ਼ਾਹ ਰਾਹ) ’ਤੇ ਸਿਹਤ ਵਿਭਾਗ ਦਾ ਕੋਈ ਮੁਲਾਜ਼ਮ ਵੀ ਤਾਇਨਾਤ ਨਹੀਂ ਸੀ। ਦੂਸਰੇ ਪਾਸੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦਿੱਲੀ-ਮਲੋਟ ਕੌਮੀ ਰਾਹ (ਕਿੱਲਿਆਂਵਾਲੀ ਇੰਟਰਸਟੇਟ ਨਾਕੇ) ’ਤੇ ਸਥਿਤੀ ਵਾਚੀ ਗਈ ਤਾਂ ਉਥੇ ਵੀ ਪੁਲੀਸ ਮੁਲਾਜ਼ਮ ਟੈਂਟ ਹੇਠਾਂ ਨਾਕੇ ’ਤੇ ਡਟੇ ਬੈਠੇ ਸਨ, ਪਰ ਲਗਾਤਾਰ ਗੱਡੀਆਂ ਬਿਨਾ ਕਿਸੇ ਜਾਂਚ ਦੇ ਲੰਘ ਰਹੀਆਂ ਸਨ। ਨਾਕਾ ਮੁਖੀ ਸਬ ਇੰਸਪੈਕਟਰ ਗੁਰਰਾਜ ਸਿੰਘ ਤੋਂ ਸਥਿਤੀ ਬਾਰੇ ਪੁੱਛਣ ’ਤੇ ਉਨ੍ਹਾਂ ਕਾਂਸਟੇਬਲ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਆਖਿਆ, ਜਿਸ ਨੇ ਕਿਹਾ ਐੱਸ.ਐੱਚ.ਓ ਵੱਲੋਂ ਪੰਜ ਮਿੰਟ ਪਹਿਲਾਂ ਹੀ ਨਾਕਾ ਚੈੱਕ ਕੀਤਾ ਗਿਆ ਹੈ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮਹਿਲਾ ਪੁਲੀਸ ਮੁਖੀ ਡੀ. ਸੂਡਰਵਿੱਜੀ ਨੇ ਫੋਨ ਨਹੀਂ ਚੁੱਕਿਆ। ਬਠਿੰਡਾ ਦੇ ਐੱਸ.ਪੀ. (ਹੈੱਡ ਕੁਆਰਟਰ) ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਕਮਰਸ਼ੀਅਲ ਵਾਹਨਾਂ ਨੂੰ ਛੋਟ ਹੈ, ਬਾਕੀ ਪੁਲੀਸ ਵੱਲੋਂ ਜਾਂਚ ਕਰਵਾਈ ਜਾਵੇਗੀ।