ਸੰਜੀਵ ਹਾਂਡਾ
ਫ਼ਿਰੋਜ਼ਪੁਰ, 13 ਜੁਲਾਈ
ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈਟੀੳ ਵੱਲੋਂ ਅੱਜ ਫ਼ਿਰੋਜ਼ਪੁਰ ਜੇਲ੍ਹ ਅੰਦਰ ਸੜਕ ਵਾਲੇ ਪਾਸੇ ਬਣੇ ਸਰਕਾਰੀ ਪੈਟਰੋਲ ਪੰਪ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜੇਲ੍ਹਾਂ ਦੇ ਬਾਹਰ ਪੈਟਰੋਲ ਪੰਪ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਪੈਟਰੋਲ ਪੰਪਾਂ ਤੋਂ ਹੋਣ ਵਾਲੀ ਆਮਦਨੀ ਨਾਲ ਪੰਜਾਬ ਦੀਆਂ ਜੇਲ੍ਹਾਂ ਵਿਚ ਸੁਧਾਰ ਕੀਤਾ ਜਾਵੇਗਾ ਅਤੇ ਕੈਦੀਆਂ ਲਈ ਸਿੱਖਿਆ ਅਤੇ ਕੁਝ ਹੋਰ ਜ਼ਰੂਰੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਜੇਲ੍ਹ ਵਿਕਾਸ ਬੋਰਡ ਤਹਿਤ ਇੰਡੀਅਨ ਆਇਲ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਸੀ, ਜਿਸ ਤਹਿਤ ਪੰਜਾਬ ਵਿਚ ਕੁੱਲ 12 ਜੇਲ੍ਹਾਂ ਦੇ ਬਾਹਰ ਪੈਟਰੋਲ ਪੰਪ ਲਾਏ ਜਾਣੇ ਹਨ। ਇਨ੍ਹਾਂ ਪੈਟਰੋਲ ਪੰਪਾਂ ਨੂੰ ਪ੍ਰਾਈਵੇਟ ਵਿਅਕਤੀਆਂ ਤੋਂ ਇਲਾਵਾ ਕੈਦੀਆਂ ਵੱਲੋਂ ਵੀ ਅਪਰੇਟ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਹਰੇਕ ਕੈਦੀ ਜੋ ਜੇਲ੍ਹ ਵਿਚ ਬੰਦ ਹੈ, ਬਾਹਰ ਆ ਕੇ ਸਮਾਜ ਵਿਚ ਚੰਗਾ ਨਾਗਰਿਕ ਬਣੇ। ਜੇਲ੍ਹਾਂ ਦੇ ਸੁਧਾਰ ਲਈ ਹੋਰ ਵੀ ਕੰਮ ਕੀਤੇ ਜਾਣਗੇ ਤੇ ਇਹ ਪਹਿਲਕਦਮੀ ਆਉਣ ਵਾਲੇ ਸਮੇਂ ਵਿਚ ਬਹੁਤ ਲਾਹੇਵੰਦ ਸਾਬਤ ਹੋਵੇਗੀ। ਇਸ ਮੌਕੇ ਹਲਕਾ ਵਿਧਾਇਕਾਂ ਤੋਂ ਇਲਾਵਾ ਜੇਲ੍ਹ ਅਧਿਕਾਰੀ ਵੀ ਮੌਜੂਦ ਸਨ।