ਪੱਤਰ ਪ੍ਰੇਰਕ
ਭਦੌੜ, 21 ਅਕਤੂਬਰ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਦੀ ਅਗਵਾਈ ਅਤੇ ਬਲਾਕ ਸਿੱਖਿਆ ਅਫ਼ਸਰ ਹਰਿੰਦਰ ਸਿੰਘ ਬਰਾੜ ਦੀ ਨਿਗਰਾਨੀ ਹੇਠ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਸਸਸ ਸਮਾਰਟ ਸਕੂਲ ਭਦੌੜ ਵਿੱਚ ਕਰਵਾਈਆਂ ਗਈਆਂ। ਖੇਡਾਂ ਦਾ ਉਦਘਾਟਨ ਟਰੱਕ ਯੂਨੀਅਨ ਭਦੌੜ ਦੇ ਪ੍ਰਧਾਨ ਕੌਂਸਲਰ ਜਗਦੀਪ ਸਿੰਘ ਜੱਗੀ ਨੇ ਕੀਤਾ। ਪਹਿਲੇ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ। ਬਲਾਕ ਸ਼ਹਿਣਾ ਦੇ ਸੱਤ ਕਲੱਸਟਰਾਂ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਕਬੱਡੀ ਨੈਸ਼ਨਲ ਤੇ ਸਰਕਲ ਸਟਾਈਲ, ਖੋ-ਖੋ, ਫੁਟਬਾਲ, ਕੁਸ਼ਤੀਆਂ, ਰੱਸਾਕਸ਼ੀ, ਬੈਡਮਿੰਟਨ, ਅਥਲੈਟਿਕਸ, ਗਤਕਾ ਜਿਮਨਾਸਟਿਕ ਅਤੇ ਚੈੱਸ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੇਡਾਂ ਵਿੱਚ ਸਰਕਾਰ ਪ੍ਰਾਇਮਰੀ ਸਕੂਲ ਜੰਗੀਆਣਾ ਨੇ ਓਵਰਆਲ ਟਰਾਫ਼ੀ ਜਿੱਤੀ। ਦੂਜੇ ਤੇ ਆਖਰੀ ਦਿਨ ਦੀਆਂ ਖੇਡਾਂ ਦੀ ਪ੍ਰਧਾਨਗੀ ਡਿਪਟੀ ਡੀਓ ਐਲੀਮੈਂਟਰੀ ਵਸੁੰਧਰਾ ਕਪਿਲਾ ਨੇ ਕੀਤੀ ਤੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦਿੱਤੇ। ਉਨ੍ਹਾਂ ਸੈਟਰ ਹੈੱਡ ਟੀਚਰ ਕਰਤਾਰ ਸਿੰਘ, ਪਰਮਜੀਤ ਸਿੰਘ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਨਿਰਮਲ ਸਿੰਘ, ਜਸਵੀਰ ਸਿੰਘ ਸ਼ਹਿਣਾ, ਪਰਮਜੀਤ ਕੌਰ, ਸਤਨਾਮ ਸਿੰਘ, ਸੁਖਵਿੰਦਰ ਸਿੰਘ ਹਾਜ਼ਰ ਸਨ।