ਪਰਮਜੀਤ ਸਿੰਘ
ਫ਼ਾਜ਼ਿਲਕਾ, 15 ਮਈ
ਫ਼ਾਜ਼ਿਲਕਾ ਜ਼ਿਲ੍ਹੇ ’ਚ ਸਿੱਖਿਆ ਦੇ ਨੈਣ ਨਕਸ਼ ਤਰਾਸ਼ੇ ਜਾ ਰਹੇ ਹਨ। ਇਸ ’ਚ ਅਧਿਆਪਕਾਂ ਦੀ ਲਗਨ ਤੇ ਮਿਹਨਤ ਸਾਫ਼ ਝਲਕਣ ਲੱਗੀ ਹੈ। ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਵਾਨ ਖੇੜਾ ਦੀ ਜੇ ਗੱਲ ਕਰੀਏ ਤਾਂ ਇਹ ਸਕੂਲ ਸੁੰਦਰ ਇਮਾਰਤਸਾਜ਼ੀ ਕਰਕੇ ਹੋਰਨਾਂ ਸਕੂਲਾਂ ਲਈ ਮਾਰਗਦਰਸ਼ਕ ਬਣ ਕੇ ਉਭਰ ਰਿਹਾ ਹੈ। ਸਕੂਲ ਦੀ ਸੁੰਦਰ ਇਮਾਰਤ, ਅਤਿ ਆਧੁਨਿਕ ਸਾਜ਼ੋ ਸਾਮਾਨ, ਹਰਿਆ ਭਰਿਆ ਵਾਤਾਰਵਣ, ਅੱਵਲ ਦਰਜੇ ਦੀ ਸਾਫ਼ ਸਫ਼ਾਈ, ਛੋਟੇ ਬਾਲਾਂ ਲਈ ਸਮਾਰਟ ਕਲਾਸਾਂ, ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ’ਚ ਸਿੱਖਿਆ, ਲਾਇਬ੍ਰੇਰੀ, ਕੰਪਿਊਟਰ ਲੈਬ ਅਤੇ ਪ੍ਰਾਜੈਕਟਰ ਨਾਲ ਲੈਸ ਸਮਾਰਟ ਕਲਾਸ ਰੂਮ ਵਿਦਿਆਰਥੀਆਂ ਨੂੰ ਨਵੇਂ ਰਾਹਾਂ ਵੱਲ ਉਡਾਰੀ ਭਰਨ ਲਈ ਪ੍ਰੇਰਿਤ ਕਰ ਰਿਹਾ ਹੈ। ਸਕੂਲ ਦੀਆਂ ਕੰਧਾਂ ਵੀ ਵਿਦਿਆਰਥੀਆਂ ਨੂੰ ਰਾਜਨੀਤੀ, ਸਮਾਜਿਕ ਤੇ ਹੋਰ ਖੇਤਰਾਂ ਦੀ ਜਾਣਕਾਰੀ ਮੁਹੱਈਆ ਕਰਵਾਉਂਦੀਆਂ ਹਨ। ਜਿੱਥੇ ਭਾਰਤ ਦੇ ਹੁਣ ਤੱਕ ਦੇ ਰਾਸ਼ਟਰਪਤੀ, ਪੰਜਾਬ ਦੇ ਮੁੱਖ ਮੰਤਰੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਬੱਚਿਆਂ ਦੇ ਬੈਠਣ ਲਈ ਬੈਂਚ ਤੇ ਕੁਰਸੀਆਂ ਵਿਦਿਆਰਥੀਆਂ ਲਈ ਮੁਹੱਈਆ ਕਰਵਾਈਆਂ ਗਈਆਂ ਹਨ। ਸਕੂਲ ਦੇ ਮੁੱਖ ਅਧਿਆਪਕ ਸੁਰਿੰਦਰ ਕੰਬੋਜ ਨੇ ਦੱਸਿਆ ਕਿ ਸਕੂਲ ’ਚ ਵਿਦਿਆਰਥੀਆਂ ਨੂੰ ਉਚ ਗੁਣਵਤਾ ਵਾਲੀ ਸਿੱਖਿਆ ਮੁਹੱਈਆ ਕਰਵਾਉਣ ’ਚ ਜਿੱਥੇ ਅਧਿਆਪਕ ਜੀਅ ਜਾਨ ਨਾਲ ਮਿਹਨਤ ਕਰਦੇ ਹਨ। ਉਥੇ ਪਿੰਡ ਵਾਸੀਆਂ ਦਾ ਸਕੂਲ ਦੀ ਇਮਾਰਤਸਾਜ਼ੀ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ’ਚ ਵਿਸ਼ੇਸ਼ ਯੋਗਦਾਨ ਮਿਲਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪਿੱਛਲੇ ਤਿੰਨ ਸਾਲਾਂ ’ਚ ਇਸ ਸਕੂਲ ’ਚ ਵਿਦਿਆਰਥੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਸ ਵੇਲੇ ਸਕੂਲ ’ਚ 354 ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਸਕੂਲ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਸੌ ਫ਼ੀਸਦੀ ਰਹਿੰਦਾ ਹੈ। ਸਕੂਲ ਦੇ ਵਾਤਾਵਰਣ ਨੂੰ ਹਰਾ ਭਰਾ ਰੱਖਣ ਲਈ ਸਕੂਲ ’ਚ ਦਰੱਖਤ ਲਗਾਏ ਗਏ ਹਨ। ਇਸ ਦੇ ਨਾਲ ਹੀ ਸਕੂਲ ਦੇ ਵਿਦਿਆਰਥੀਆਂ ਲਈ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਗਿਆ ਹੈ। ਸਕੂਲ ਮੁਖੀ ਕੰਬੋਜ ਨੇ ਦੱਸਿਆ ਕਿ ਆਸੇ ਪਾਸੇ ਦੇ ਵਿਦਿਆਰਥੀਆਂ ਨੂੰ ਸਕੂਲ ’ਚ ਲਿਆਉਣ ਲਈ ਦੋ ਵੈਨ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ’ਚ ਨਵੀਆਂ ਉਡਾਰੀਆਂ ਭਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।