ਪੱਤਰ ਪ੍ਰੇਰਕ
ਬੋਹਾ, 11 ਸਤੰਬਰ
ਸਮਾਜਿਕ ਸੁਰੱਖਿਆ ਅਤੇ ਬਾਲ ਭਲਾਈ ਵਿਭਾਗ ਜ਼ਿਲ੍ਹਾ ਮਾਨਸਾ ਵੱਲੋਂ ਨੇੜਲੇ ਪਿੰਡ ਮੰਢਾਲੀ ਵਿੱਚ ਪੈਨਸ਼ਨ ਕੈਂਪ ਲਗਾਇਆ ਗਿਆ। ਇਸ ਮੌਕੇ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਦੇ ਦਰਾਂ ’ਤੇ ਜਾ ਕੇ ਦਿੱਤੀਆਂ ਗਾਰੰਟੀਆਂ ਪੂਰੀਆਂ ਕਰਨ ਲਈ ਵਚਨਬੱਧ ਹੈ ਤੇ ਸਰਕਾਰ ਨੇ ਚੋਣਾਂ ਮੌਕੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਜੋ ਦਾਅਵੇ ਕੀਤੇ ਸਨ, ਉਹ ਹਰ ਹਾਲ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਮਹਿਕਮੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦੇਣ ਲਈ ਉਨ੍ਹਾਂ ਦੇ ਦਰਾਂ ’ਤੇ ਜਾਣਗੇ। ਮਾਨਸਾ ਦੇ ਸੀਨੀਅਰ ਸਹਾਇਕ ਸਿਕੰਦਰ ਸਿੰਘ ਅਤੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਪਟਵਾਰੀ ਨੇ ਪ੍ਰਿੰਸੀਪਲ ਬੁੱਧ ਰਾਮ ਦਾ ਸਵਾਗਤ ਕੀਤਾ। ਇਸ ਕੈਂਪ ਵਿੱਚ ਪਿੰਡ ਮੰਢਾਲੀ ਤੋਂ ਇਲਾਵਾ ਟਾਹਲੀਆਂ, ਵਰ੍ਹੇ, ਅਹਿਮਦਪੁਰ, ਕੁਲਹਿਰੀ, ਫੁੱਲੂ ਵਾਲਾ ਡੋਗਰਾ ਦੇ ਲੋੜਵੰਦ ਪੈਨਸ਼ਨਰਾਂ ਦੇ ਫਾਰਮ ਵੀ ਭਰੇ ਗਏ।