ਜੋਗਿੰਦਰ ਸਿੰਘ ਮਾਨ
ਮਾਨਸਾ, 5 ਅਪਰੈਲ
ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਹੋਰ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਸਰਕਾਰੀ ਹਸਪਤਾਲਾਂ ’ਚ ਇਲਾਜ, ਦਵਾਈਆਂ ਤੇ ਹੋਰ ਸੁਵਿਧਾਵਾਂ ਤੋਂ ਵਾਂਝਾ ਨਾ ਰਹੇ। ਉਹ ਮਾਨਸਾ ਵਿੱਚ ਜੱਚਾ-ਬੱਚਾ ਸਿਵਲ ਹਸਪਤਾਲ ’ਚ ਮਿਸ਼ਨ ਇੰਦਰਧਨੁਸ਼ ਤਹਿਤ ਕੀਤੇ ਜਾ ਰਹੇ ਟੀਕਾਕਰਨ ਦੇ ਦੂਜੇ ਗੇੜ ਦੀ ਸ਼ੁਰੂਆਤ ਕਰਦਿਆਂ ਕੀਤਾ।
ਡਾ. ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਖਾਣ ਪੀਣ ਵਾਲੀਆਂ ਵਸਤੂਆਂ ’ਚ ਮਿਲਾਵਟਖੋਰੀ ਕਰਨ ਵਾਲੇ ਮਾੜੇ ਅਨਸਰਾਂ ’ਤੇ ਸਿਕੰਜ਼ਾ ਕੱਸੇਗੀ, ਜਿਸਦੇ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਸਰਕਾਰੀ ਹਸਪਤਾਲਾਂ ’ਚ ਡਾਕਟਰਾਂ ਸਮੇਤ ਹੋਰ ਲੋੜੀਂਦੇ ਸਟਾਫ ਦੀ ਆਉਣ ਵਾਲੇ ਸਮੇਂ ’ਚ ਜੇ ਕੋਈ ਕਮੀ ਹੋਈ ਤਾਂ ਉਸੂ ਪੂਰਾ ਕੀਤਾ ਜਾਵੇਗਾ। ਉਨ੍ਹਾਂ ਡਾਕਟਰਾਂ ਸਮੇਤ ਸਮੁੱਚੇ ਸਿਹਤ ਕਾਮਿਆਂ ਨੂੰ ਸਮੇਂ-ਸਮੇਂ ਰਾਜ ਸਰਕਾਰ ਵੱਲੋ ਲੋੜਵੰਦ ਲੋਕਾਂ ਲਈ ਉਲੀਕਿਆ ਸਿਹਤ ਯੋਜਨਾਵਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ ਤਾਂ ਜੋ ਹਰ ਲੋੜਵੰਦ ਵਿਅਕਤੀ ਦਾ ਸਸਤਾ ਤੇ ਮਿਆਰੀ ਇਲਾਜ ਹੋ ਸਕੇ।
ਸਿਹਤ ਮੰਤਰੀ ਨੇ ਮਿਸ਼ਨ ਇੰਦਰਧਨੁਸ਼ ਤਹਿਤ ਰੋਜ਼ਾਨਾਂ ਦੀਆਂ ਬਿਮਾਰੀਆਂ ਦੇ ਲੱਗਣ ਵਾਲੇ ਮੁਫ਼ਤ ਟੀਕਾਕਰਨ ਤੋਂ ਵਾਂਝੇ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਸਮੇਂ ਨਾਲ ਟੀਕਾਕਰਣ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦਵਾਈਆਂ ਦੀ ਆੜ ’ਚ ਜੇ ਕਿਸੇ ਭੈੜੇ ਵਿਅਕਤੀ ਵੱਲੋਂ ਨਸ਼ਿਆਂ ਦਾ ਕਾਰੋਬਾਰ ਕਰਨ ਦੀ ਗੱਲ ਸਾਹਮਣੇ ਆਈ ਤਾਂ ਅਜਿਹਾ ਵਿਅਕਤੀ ਹਮਦਰਦੀ ਦੀ ਆਸ ਨਾ ਰੱਖੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਦੇ ਸੁਨਿਹਰੇ ਭਵਿੱਖ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਸਮੇਂ ਪਹਿਰਾ ਦੇਣ ਲਈ ਦਿ੍ੜ੍ਹ ਸੰਕਲਪ ਹੈ। ਇਸ ਤੋਂ ਪਹਿਲਾ ਕੈਬਨਿਟ ਮੰਤਰੀ ਡਾ. ਵਿਜੈ ਸਿੰਗਲਾ ਵੱਲੋਂ ਖੁਦ ਕੋਵਿਡ-19 ਤੋਂ ਸੁਰੱਖਿਅਤ ਰੱਖਣ ਲਈ ਕਾਰਗਰ ਬੂਸਟਰ ਡੋਜ਼ ਲਗਵਾਈ ਗਈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਸਮੇਤ ਸਮੁੱਚੇ ਪੰਜਾਬ ਵਾਸੀਆਂ ਨੂੰ ਕੋਵਿਡ-19 ਦੇ ਦੋਵੇਂ ਟੀਕੇ ਲਗਵਾਉਣ ਤੋਂ ਬਾਅਤ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਬੂਸਟਰ ਡੋਜ਼ ਲਗਾਉਣ ਦੀ ਅਪੀਲ ਕੀਤੀ।
ਮਾਨਸਾ ਦੇ ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਬੱਚਿਆਂ ਦੇ ਟੀਕਾਕਰਨ ਵਿੱਚ ਪਏ ਪਾੜੇ ਨੂੰ ਪੂਰਾ ਕਰਨ ਲਈ ਮਾਰਚ ਤੋਂ ਮਈ ਤੱਕ ਮਿਸ਼ਨ ਇੰਦਰਧਨੁਸ਼ ਤਹਿਤ 3 ਗੇੜਾਂ ਵਿੱਚ ਟੀਕਾਕਰਨ ਕੀਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪਹਿਲੇ ਗੇੜ ਦੌਰਾਨ 7 ਮਾਰਚ ਤੋਂ ਇਸ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਦੂਜੇ ਗੇੜ ਦੀ ਸ਼ੁਰੂਆਤ ਅੱਜ 4 ਅਪਰੈਲ ਨੂੰ ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ ਵੱਲੋਂ ਕੀਤੀ ਗਈ ਅਤੇ ਤੀਜਾ ਗੇੜ ਮਈ ਮਹੀਨੇ ਵਿੱਚ ਸ਼ੁਰੂ ਕੀਤਾ ਜਾਵੇਗਾ।