ਜੋਗਿੰਦਰ ਸਿੰਘ ਮਾਨ
ਮਾਨਸਾ, 16 ਅਗਸਤ
ਸੂਬਾ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਦੀ ਮਾਨਸਾ ਜ਼ਿਲ੍ਹੇ ਦੀ ਪਹਿਲੀ ਫੇਰੀ ਦੌਰਾਨ ਹੀ ਸਮਾਗਮ ਵਿੱਚ ਕਾਂਗਰਸੀ ਵਰਕਰ ਆਪਸ ਵਿੱਚ ਮਿਹਣੋ-ਮੇਹਣੀ ਹੋ ਗਏ। ਬਾਅਦ ਵਿੱਚ ਪੁਲੀਸ ਦੀ ਪਹਿਰੇਦਾਰੀ ਦੌਰਾਨ ਸਮਾਗਮ ਸਮਾਪਤ ਹੋ ਗਿਆ। ਜ਼ਿਕਰਯੋਗ ਹੈ ਕਿ ਗਊਸ਼ਾਲਾ ਭਵਨ ਮਾਨਸਾ ਵਿੱਚ ਹੋਏ ਸਮਾਗਮ ਦੌਰਾਨ ਜਦੋਂ ਮਾਇਕ ’ਤੇ ਬੋਲ ਰਹੇ ਚਰਨਜੀਤ ਸਿੰਘ ਮਾਖਾ ਅਤੇ ਕੁਲਵਿੰਦਰ ਖੀਵਾ ਨੇ ਮੌਜੂਦਾ ਵਿਧਾਇਕ ਦੇ ਕੰਮਾਂ ’ਤੇ ਟਿੱਪਣੀ ਕੀਤੀ ਤਾਂ ਵਿਧਾਇਕ ਖੇਮੇ ਦੇ ਸਮਰਥਕ ਭੜਕ ਉਠੇ। ਕਰੀਬ ਅੱਧਾ ਘੰਟਾ ਰੌਲਾ ਪੈਂਦਾ ਰਿਹਾ। ਇਸ ਦੌਰਾਨ ਥਾਣਾ ਸਿਟੀ-1 ਮਾਨਸਾ ਦੇ ਮੁਖੀ ਜਗਦੀਸ਼ ਕੁਮਾਰ ਸ਼ਰਮਾ ਨੇ ਪੁਲੀਸ ਪਾਰਟੀ ਸਮੇਤ ਪੁੱਜ ਕੇ ਮੌਕਾ ਸੰਭਾਲਿਆ ਤਾਂ ਲੋਕ ਸ਼ਾਂਤ ਹੋਏ। ਕਾਂਗਰਸੀ ਡਾ. ਮਨਜੀਤ ਰਾਣਾ ਅਤੇ ਸਿਮਰਜੀਤ ਸਿੰਘ ਮਾਨਸ਼ਾਹੀਆ ਨੇ ਮੰਚ ਤੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜੇ ਵਿਧਾਇਕ ਕੋਲ ਕੋਈ ਕੰਮਕਾਰ ਕਰਵਾਉਣ ਨਹੀਂ ਜਾਵੇਗਾ ਤਾਂ ਇਸ ਵਿੱਚ ਉਨ੍ਹਾਂ ਦਾ ਕੀ ਕਸੂਰ ਹੈ। ਇਸ ਮੌਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਮੁਕੰਮਲ ਤੌਰ ’ਤੇ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ, ਕਿਉਂਕਿ ਪਾਰਟੀ ਇੱਕ ਨਾ ਇੱਕ ਦਿਨ ਹਰ ਵਰਕਰ ਦਾ ਮੁੱਲ ਪਾਉਂਦੀ ਹੈ ਇਸ ਮੌਕੇ ਸਾਬਕਾ ਵਿਧਾਇਕ ਮੰਗਤ ਬਾਂਸਲ, ਰਮੇਸ਼ ਟੋਨੀ, ਕੌਂਸਲਰ ਪ੍ਰੇਮ ਸਾਗਰ ਭੋਲਾ, ਬਲਵਿੰਦਰ ਨਾਰੰਗ, ਕੇਸਰ ਸਿੰਘ ਧਲੇਵਾਂ, ਕੰਚਨ ਸੇਠੀ, ਜਸਵੀਰ ਕੌਰ,ਕਰਮ ਸਿੰਘ ਚੌਹਾਨ ਹਾਜ਼ਰ ਸਨ।