ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 30 ਸਤੰਬਰ
ਅਨਾਜ ਮੰਡੀ ਦੇ ਪੁੱਟੇ ਫੜ੍ਹ ਦੀ ਮੁਰੰਮਤ ਦਾ ਕੰਮ ਅੱਧ ਵਿਚਾਲੇ ਲਟਕ ਜਾਣ ਤੋਂ ਅੱਕੇ ਪਿੰਡ ਢਪਾਲੀ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਜਗਸੀਰ ਸਿੰਘ, ਸੁਖਜੰਤ ਸਿੰਘ, ਮੱਖਣ ਰਾਮ, ਅਮਰੀਕ ਸਿੰਘ ਅਤੇ ਮੰਦਰ ਸਿੰਘ ਨੇ ਦੱਸਿਆ ਕਿ ਇਹ ਅਨਾਜ ਮੰਡੀ ਪਹਿਲਾਂ ਨੀਵੀਂ ਹੋ ਗਈ ਸੀ ਤੇ ਇਸਦੇ ਫੜ੍ਹ ਨੂੰ ਉੱਚਾ ਚੁੱਕਣ ਲਈ ਤਕਰੀਬਨ ਚਾਰ-ਪੰਜ ਮਹੀਨੇ ਪਹਿਲਾਂ ਇੱਟਾਂ ਪੁੱਟਕੇ ਭਰਤ ਪਾਇਆ ਗਿਆ ਸੀ ਤੇ ਫੜ੍ਹ ਨੂੰ ਦੁਬਾਰਾ ਪੱਕਾ ਕਰਨ ਦਾ ਕੰਮ ਸ਼ੁਰੂ ਹੋ ਗਿਆ ਪਰ ਅੱਧੀ ਮੰਡੀ ਬਣਨ ਤੋਂ ਬਾਅਦ ਕੰਮ ਵਿਚਕਾਰ ਹੀ ਲਟਕ ਗਿਆ। ਕਿਸਾਨ ਆਗੂਆਂ ਨੇ ਸਬੰਧਿਤ ਮਹਿਕਮੇ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੰਡੀ ਵਿੱਚ ਪਏ ਮਿੱਟੀ ਦੇ ਢੇਰਾਂ ਦਾ ਕੋਈ ਹੱਲ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀ ਵਿੱਚ ਆਪਣੀ ਫਸਲ ਸੁੱਟਣ ਸਮੇਂ ਕੋਈ ਸਮੱਸਿਆ ਨਾ ਆਵੇ।