ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਮਈ
ਜ਼ਿਲ੍ਹੇ ਵਿਚ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸੁਖਾ ਨੰਦ ਵਿੱਚ ਸੰਗਤ ਨੇ ਸ਼ਰਾਬੀ ਹਾਲਤ ਵਿਚ ਇਕ ਗ੍ਰੰਥੀ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕੀਤਾ ਹੈ। ਇਸ ਦੌਰਾਨ ਸੰਗਤ ਨੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਦੋਸ਼ ਵੀ ਲਾਇਆ ਹੈ। ਕਾਬੂ ਕੀਤਾ ਗਿਆ ਗ੍ਰੰਥੀ ਰਾਮ ਸਿੰਘ ਮਾਨਸਾ ਜ਼ਿਲ੍ਹੇ ਵਿਚ ਪੈਂਦੇ ਇੱਕ ਪਿੰਡ ਦਾ ਵਸਨੀਕ ਹੈ ਅਤੇ ਉਸ ਦਾ ਦਾ ਪਿਤਾ ਵੀ ਹਰਿਆਣਾ ਵਿਚ ਗ੍ਰੰਥੀ ਹੈ।
ਥਾਣਾ ਸਮਾਲਸਰ ਦੇ ਮੁਖੀ ਇਕਬਾਲ ਸਿੰਘ ਨੇ ਗ੍ਰੰਥੀ ਨੂੰ ਸ਼ਰਾਬੀ ਹਾਲਤ ਵਿੱਚ ਕਾਬੂ ਕਰਨ ਦੀ ਪੁਸ਼ਟੀ ਕਰਦੇ ਹਏ ਆਖਿਆ ਕਿ ਉਹ ਮੋਟੇ ਦਿਮਾਗ ਦਾ ਹੈ। ਬੇਅਦਬੀ ਸਬੰਧੀ ਹਾਲੇ ਕੋਈ ਤੱਥ ਸਾਹਮਣੇ ਨਹੀਂ ਆਇਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਗ੍ਰੰਥੀ ਦੀ ਇਸ ਕਰਤੂਤ ਦਾ ਪਤਾ ਲੱਗਣ ਉੱਤੇ ਪਿੰਡ ਸੁਖਾਨੰਦ ਅਤੇ ਨੇੜਲੇ ਪਿੰਡ ਚੀਦਾ ਦੀ ਸੰਗਤ ਮੌਕੇ ਉੱਤੇ ਪੁੱਜੀ ਤੇ ਸਾਰੀ ਸਿੱਖ ਸੰਗਤ ਨੇ ਸ਼ਰਾਬੀ ਹਾਲਤ ਵਿੱਚ ਗ੍ਰੰਥੀ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ। ਮੁਲਜ਼ਮ ਨੇ ਦੱਸਿਆ ਕਿ ਉਸ ਨੂੰ ਇਹ ਤਿੰਨ ਗੁਟਕਾ ਸਾਹਿਬ ਕਿਸੇ ਡੇਰੇ ਤੋਂ ਪਾਠ ਕਰਨ ਲਈ ਪ੍ਰਾਪਤ ਹੋਏ ਸਨ। ਸਿੱਖ ਸੰਗਤ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਡੇਰੇ ਵੱਲੋਂ ਸ਼ਰਾਬੀ ਵਿਅਕਤੀ ਨੂੰ ਗੁਟਕਾ ਸਾਹਿਬ ਦਿੱਤਾ ਜਾਣਾ ਜਾਂ ਗੁਰਬਾਣੀ ਦੇ ਪਵਿੱਤਰ ਗੁਟਕਿਆਂ ਦੀ ਸਾਂਭ-ਸੰਭਾਲ ਨਾ ਕੀਤੀ ਜਾਣੀ ਬੇਹੱਦ ਮੰਦਭਾਗੀ ਗੱਲ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।