ਜਸਵੰਤ ਜੱਸ
ਫ਼ਰੀਦਕੋਟ, 7 ਅਪਰੈਲ
ਫਰੀਦਕੋਟ ਜ਼ਿਲ੍ਹੇ ਦੇ ਇੱਕਲੌਤੇ ਨਹਿਰੂ ਸਟੇਡੀਅਮ ਦੇ ਇੱਕ ਹਿੱਸੇ ਵਿੱਚ ਅਣ-ਅਧਿਕਾਰਤ ਤੌਰ ’ਤੇ ਲੱਗੇ ਹੋਏ ਕੂੜੇ ਦੇ ਢੇਰਾਂ ਨੂੰ ਖਤਮ ਕਰਨ ਲਈ ਲਗਾਈ ਅੱਗ ਨਾਲ ਇਸ ਸਟੇਡੀਅਮ ਵਿੱਚ ਲੱਗੇ ਦਰਜਨਾਂ ਹਰੇ ਭਰੇ ਰੁੱਖ ਵੀ ਸੜ ਗਏ ਹਨ। ਨਹਿਰੂ ਸਟੇਡੀਅਮ ਦੀ ਕੰਧ ਤੋੜ ਕੇ ਆਸ-ਪਾਸ ਦੇ ਲੋਕਾਂ ਅਤੇ ਸ਼ਹਿਰੀਆਂ ਵੱਲੋਂ ਇੱਥੇ ਕੂੜੇ ਦੇ ਢੇਰ ਲਾਏ ਗਏ ਹਨ ਅਤੇ ਇੱਕ ਦਿਨ ਪਹਿਲਾਂ ਕਿਸੇ ਅਣਪਛਾਤੇ ਵਿਅਕਤੀ ਨੇ ਕੂੜੇ ਦੇ ਇਨ੍ਹਾਂ ਢੇਰਾਂ ਨੂੰ ਅੱਗ ਲਾ ਦਿੱਤੀ, ਜਿਸ ਦੀ ਲਪੇਟ ਵਿੱਚ ਰੁੱਖ ਵੀ ਆ ਗਏ। ਇਹ ਰੁੱਖ ਵਾਤਾਵਰਨ ਪ੍ਰੇਮੀ ਸੰਸਥਾ ‘ਸੀਰ’ ਵੱਲੋਂ ਲਾਏ ਗਏ ਸਨ। ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚੋਂ ਕੂੜਾ ਚੁੱਕਣ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਕਰਕੇ ਸ਼ਹਿਰ ਦੀਆਂ ਜਨਤਕ ਥਾਵਾਂ ਕੂੜੇ ਦੇ ਢੇਰਾਂ ਵਿੱਚ ਤਬਦੀਲ ਹੋ ਰਹੀਆਂ ਹਨ। ਕੌਮੀ ਖਿਡਾਰੀ ਅਤੇ ਆਪ ਦੇ ਆਗੂ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਫਰੀਦੋਕਟ ਸ਼ਹਿਰ ਵਿੱਚ ਕਰੀਬ 18 ਹਜ਼ਾਰ ਰਿਹਾਇਸ਼ੀ ਘਰ ਹਨ ਅਤੇ ਨਗਰ ਕੌਂਸਲ ਵੱਲੋਂ 8 ਹਜ਼ਾਰ ਘਰਾਂ ਦਾ ਹੀ ਕੂੜਾ ਚੁੱਕਿਆ ਜਾ ਰਿਹਾ ਹੈ ਜਦੋਂਕਿ 10 ਹਜ਼ਾਰ ਘਰਾਂ ਦਾ ਕੂੜਾ ਜਨਤਕ ਥਾਵਾਂ ਉੱਤੇ ਸੁੱਟਿਆ ਜਾ ਰਿਹਾ ਹੈ। ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਕੂੜੇ ਦੀ ਸੰਭਾਲ ਦੇ ਪੱਕੇ ਪ੍ਰਬੰਧ ਕਰਨ ਲਈ ਨਗਰ ਕੌਂਸਲ ਨੂੰ ਹਦਾਇਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਕੂੜੇ ਨੂੰ ਗਲਤ ਤਰੀਕੇ ਨਾਲ ਜਨਤਕ ਥਾਂ ਤੇ ਸੁੱਟਣ ਅਤੇ ਇਸ ਅੱਗ ਲਾ ਕੇ ਰੁੱਖਾਂ ਦਾ ਨੁਕਸਾਨ ਕਰਨ ਵਾਲੇ ਵਿਅਕਤੀਆਂ ਖਿਲਾਫ਼ ਨਿਯਮਾਂ ਮੁਤਾਬਿਕ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਅੱਗ ਲੱਗਣ ਨਾਲ ਕਣਕ ਸੜੀ
ਨਥਾਣਾ (ਪੱਤਰ ਪ੍ਰੇਰਕ): ਇੱਥੋਂ ਚਾਰ ਕਿਲੋਮੀਟਰ ਦੂਰ ਪਿੰਡ ਨਾਥਪੁਰਾ ਦੇ ਗੁਰਪ੍ਰੀਤ ਸਿੰਘ ਨਾਮੀ ਕਿਸਾਨ ਦੀ ਖੇਤ ਵਿੱਚ ਖੜ੍ਹੀ ਫਸਲ ਨੂੰ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਬਿਜਲੀ ਸਪਲਾਈ ਵਾਲੀਆਂ ਤਾਰਾਂ ਸਪਾਰਕ ਹੋਣਾ ਦੱਸਿਆ ਗਿਆ ਹੈ। ਜਾਣਕਾਰੀ ਅਨੁਸਾਰ ਲੰਘੀ ਰਾਤ ਤੋਂ ਪਿੰਡ ਨਾਥਪੁਰਾ ਦੀ ਬਿਜਲੀ ਸਪਲਾਈ ਬੰਦ ਸੀ। ਅੱਜ ਸਵੇਰੇ 11 ਵਜੇ ਜਦੋਂ ਇਹ ਸਪਲਾਈ ਛੱਡੀ ਗਈ ਤਾਂ ਤਾਰਾਂ ਵਿੱਚੋਂ ਡਿੱਗੀਆਂ ਚੰਗਿਆੜੀਆਂ ਨਾਲ ਅੱਗ ਲੱਗ ਗਈ। ਇਕੱਠੇ ਹੋਏ ਲੋਕਾਂ ਤੁਰੰਤ ਅੱਗ ’ਤੇ ਕਾਬੂ ਪਾ ਲਿਆ,ਜਿਸ ਨਾਲ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ।