ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 29 ਨਵੰਬਰ
ਉਚੇਰੀ ਸਿੱਖਿਆ ਵਿਭਾਗ ਵਿੱਚ ਪਿਛਲੇ 15-20 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਗੈਸਟ ਫੈਕਲਟੀ/ਪਾਰਟ ਟਾਈਮ/ਕੰਟਰੈਕਟ ਸਹਾਇਕ ਪ੍ਰੋਫੈਸਰਾਂ ਨੇ ਅੱਜ ਧਰਨੇ 28ਵੇਂ ਦਿਨ ਹਲਕਾ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਸਰਕਾਰੀ ਬ੍ਰਿਜਿੰਦਰਾ ਕਾਲਜ ਦੇ ਪ੍ਰੋ. ਅਰਮਿੰਦਰ ਸਿੰਘ, ਪ੍ਰੋ. ਰਮਿੰਦਰਪਾਲ ਸਿੰਘ, ਪ੍ਰੋ. ਨਵਦੀਪ ਸਿੰਘ, ਪ੍ਰੋ. ਜੋਤਮਨਿੰਦਰ ਸਿੰਘ ਨੇ ਕਿਹਾ ਕਿ ਉਹ ਪਿਛਲੇ ਕਰੀਬ 15-20 ਸਾਲਾਂ ਤੋਂ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਨ ਲਈ ਨਿਰਵਿਘਨ ਸੇਵਾਵਾਂ ਨਿਭਾ ਰਹੇ ਹਨ ਪਰ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇ ਸਰਕਾਰ 906 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਨੌਕਰੀਆਂ ਨੂੰ ਬਿਨਾਂ ਸ਼ਰਤ ਸੁਰੱਖਿਅਤ ਨਹੀਂ ਕਰਦੀ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਵਿਧਾਇਕ ਨੇ ਮੰਗ ਪੱਤਰ ਪ੍ਰਾਪਤ ਕਰ ਕੇ ਪ੍ਰੋਫੈਸਰਾਂ ਨੂੰ ਭਰੋਸਾ ਦਿੱਤਾ ਕਿ ਉਹ ਪ੍ਰੋਫੈਸਰਾਂ ਦੀ ਮੰਗ ਪੰਜਾਬ ਸਰਕਾਰ ਦੇ ਧਿਆਨ ਲਿਆਉਣਗੇ ਅਤੇ ਇਸ ਦਾ ਵਾਜਬ ਹੱਲ ਕਰਨਗੇ। ਇਸ ਮੌਕੇ ਪ੍ਰੋ. ਅਮਨਪ੍ਰੀਤ ਕੌਰ, ਪ੍ਰੋ. ਦੀਪਿੰਦਰ, ਪ੍ਰੋ. ਨਵਪ੍ਰੀਤ ਅਰੋੜਾ, ਪ੍ਰੋ. ਸੁਖਪਾਲ ਕੌਰ, ਪ੍ਰੋ. ਅਕਾਸ਼ਦੀਪ ਕੌਰ ਤੇ ਹੋਰ ਹਾਜ਼ਰ ਸਨ।