ਜੋਗਿੰਦਰ ਸਿੰਘ ਮਾਨ
ਮਾਨਸਾ, 21 ਅਕਤੂਬਰ
ਗੁਲਾਬੀ ਸੁੰਡੀ ਨਾਲ ਨਰਮਾ ਤਬਾਹੀ ਤੋਂ ਪੀੜਤ ਮਾਲਵਾ ਪੱਟੀ ਦੇ ਮਾਨਸਾ ਸਮੇਤ ਪੰਜ ਜ਼ਿਲ੍ਹਿਆਂ ਦੇ ਕਿਸਾਨਾਂ ਵੱਲੋਂ ਢੁੱਕਵਾਂ ਮੁਆਵਜ਼ਾ ਲੈਣ ਲਈ ਬਾਦਲ ’ਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬੰਗਲੇ ਅੱਗੇ 15 ਦਿਨ ਕੀਤੇ ਗਏ ਘਿਰਾਓ ਨੂੰ ਮਿਥਕੇ ਨਜ਼ਰ-ਅੰਦਾਜ਼ ਕਰਨ ਵਾਲੀ ਪੰਜਾਬ ਸਰਕਾਰ ਦੀ ਅੜੀ ਭੰਨਣ ਲਈ ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ 25 ਅਕਤੂਬਰ ਤੋਂ ਬਠਿੰਡਾ ਦੇ ਸਕੱਤਰੇਤ ਦੇ ਅਣਮਿਥੇ ਸਮੇਂ ਲਈ ਮੁਕੰਮਲ ਘਿਰਾਓ ਦੇ ਐਲਾਨ ਲਈ ਪਿੰਡਾਂ ਵਿੱਚ ਜ਼ੋਰਦਾਰ ਤਿਆਰੀਆਂ ਆਰੰਭੀਆਂ ਗਈਆਂ ਹਨ।
ਮਾਨਸਾ ਦੇ ਪਿੰਡ ਕੋਟਲੱਲੂ ਵਿੱਚ ਇੱਕ ਵੱਡੇ ਇਕੱਠ ਦੌਰਾਨ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੂਰੀ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਨੇ ਮਚਾਈ ਤਬਾਹੀ ਤੋਂ ਬਾਅਦ ਫਸਲਾਂ ਦੀ ਹੋਈ ਨੁਕਸਾਨ ਦਾ ਪੂਰਾ ਮੁਆਵਜ਼ਾ ਲੈਣ ਲਈ ਜਥੇਬੰਦੀ ਵੱਲੋਂ ਸ਼ੁਰੂ ਕੀਤੇ ਸੰਘਰਸ਼ ਦੇ ਦੂਜੇ ਪੜਾਅ ਵਿੱਚ 25 ਅਕਤੂਬਰ ਤੋਂ ਆਰੰਭ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁੰਡੀ ਨੇ ਨਰਮੇ ਦੀ ਫਸਲ ਦੀ ਟਿੰਡਿਆਂ ਨੂੰ ਪੂਰੀ ਤਰ੍ਹਾਂ ਖਾ ਲਿਆ ਹੈ, ਪਰ ਪੰਜਾਬ ਸਰਕਾਰ ਘੂਕ ਸੁੱਤੀ ਪਈ ਹੈ।
ਉਨ੍ਹਾਂ ਕਿਹਾ ਕਿ ਕਰਜ਼ੇ ਦੇ ਭੰਨੇ ਨਰਮਾ ਉਤਪਾਦਕ ਕਿਸਾਨ ਹੋਰ ਡੂੰਘੇ ਆਰਥਿਕ ਸੰਕਟ ’ਚ ਫਸ ਗਏ ਹਨ ਹੋਏ ਨੁਕਸਾਨ ਦਾ ਮੁਆਵਜਾ ਪੀੜਤ ਕਿਸਾਨਾਂ ਨੂੰ ਦੇਣ ਦੀ ਮੰਗ ਨੂੰ ਲੈ ਕੇ ਜਥੇਬੰਦੀ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਦੇ ਪਿੰਡ ਬਾਦਲ ਵਿੱਚ ਘਰ ਦਾ 15 ਦਿਨ ਲਗਾਤਾਰ ਘਿਰਾਓ ਕੀਤਾ ਗਿਆ ਸੀ, ਪਰ ਅੰਦੋਲਨ ਨੂੰ ਅੱਖੋਂ ਪਰੋਖੇ ਕਰਕੇ ਸਰਕਾਰ ਨੇ ਮੁਆਵਜ਼ੇ ਸਬੰਧੀ ਮੂੰਹ ਨਹੀਂ ਖੋਲ੍ਹਿਆ, ਜਿਸ ਤੋਂ ਸੰਘਰਸ਼ ਨੂੰ ਅੱਗੇ ਤੋਰਦਿਆਂ 25 ਅਕਤੂਬਰ ਨੂੰ ਬਠਿੰਡਾ ਦੇ ਸੈਕਟਰੀਏਟ ਦੇ ਘਿਰਾਓ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਕਿਸਾਨਾਂ ਦੀ ਗੱਲ ਫੇਰ ਵੀ ਨਾ ਮੰਨੀ ਤਾਂ ਘਿਰਾਓ ਦੇ ਨਾਲ-ਨਾਲ ਮੰਤਰੀਆਂ ਤੇ ਕਾਂਗਰਸੀ ਨੁਮਾਇੰਦਿਆਂ ਦਾ ਪਿੰਡਾਂ ’ਚ ਵੜਨਾ ਬੰਦ ਕੀਤਾ ਜਾਵੇਗਾ।
ਇਸ ਮੌਕੇ ਜੋਗਿੰਦਰ ਸਿੰਘ ਦਿਆਲਪੁਰਾ, ਸਾਧੂ ਸਿੰਘ ਅਲੀਸ਼ੇਰ, ਜਗਦੇਵ ਸਿੰਘ ਭੈਣੀ ਬਾਘਾ, ਭੋਲਾ ਸਿੰਘ ਮਾਖਾ, ਮੇਜਰ ਸਿੰਘ ਗੋਬਿੰਦਪੁਰਾ, ਰਮਨਦੀਪ ਸਿੰਘ ਕੁਸਲਾ, ਜਗਸੀਰ ਸਿੰਘ ਜਵਾਹਰਕੇ, ਸਰੋਜ ਰਾਣੀ ਦਿਆਲਪੁਰਾ ਨੇ ਵੀ ਸੰਬੋਧਨ ਕੀਤਾ।