ਜੋਗਿੰਦਰ ਸਿੰਘ ਮਾਨ
ਮਾਨਸਾ, 7 ਅਗਸਤ
ਕਪਾਹ ਪੱਟੀ ਵਿੱਚ ਬੀਟੀ ਕਾਟਨ ਉਪਰ ਚਿੱਟੀ ਮੱਖੀ-ਗੁਲਾਬੀ ਸੁੰਡੀ ਦਾ ਲਗਾਤਾਰ ਹਮਲਾ ਰਹਿਣ ਤੋਂ ਡਰੇ ਕਿਸਾਨਾਂ ਵੱਲੋਂ ਨਰਮੇ ਨੂੰ ਵਾਹ ਕੇ ਹੋਰ ਫ਼ਸਲਾਂ ਬੀਜਣ ਦਾ ਜੁਗਾੜ ਜਾਰੀ ਹੈ। ਹਰ ਰੋਜ਼ ਪਿੰਡਾਂ ਵਿੱਚ ਨਰਮੇ ਨੂੰ ਵਾਹਿਆ ਜਾ ਰਿਹਾ ਹੈ, ਜਿਸ ਕਾਰਨ ਪਿਛੇਤੇ ਝੋਨੇ ਅਤੇ ਬਾਸਮਤੀ ਦੀ ਪਨੀਰੀ ਮਿਲਣੀ ਔਖੀ ਹੋ ਗਈ ਹੈ।
ਬੇਸ਼ੱਕ ਖੇਤੀਬਾੜੀ ਮਹਿਕਮੇ ਨੇ ਕਿਸਾਨਾਂ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਨਾ ਘਬਰਾਉਣ ਦਾ ਸੱਦਾ ਦੇ ਕੇ ਇਸ ਨੂੰ ਸਪਰੇਆਂ ਨਾਲ ਮਰਨ ਵਾਲਾ ਹਮਲਾ ਦੱਸਿਆ ਜਾ ਰਿਹਾ ਹੈ, ਪਰ ਕਿਸਾਨ ਖੇਤੀਬਾੜੀ ਮਹਿਕਮੇ ਦੇ ਦਿਲਾਸਿਆਂ ਵਿਚ ਇਸ ਵਾਰ ਨਹੀਂ ਆ ਰਹੇ ਹਨ। ਬੇਸ਼ੱਕ ਕਿਸਾਨਾਂ ਵੱਲੋਂ ਨਰਮੇ ਦੀ ਫ਼ਸਲ ਉਤੇ ਹਰੇ ਤੇਲੇ ਅਤੇ ਚਿੱਟੀ ਮੱਖੀ ਦੇ ਹਮਲੇ ਲਈ ਪਿਛਲੇ ਪੂਰੇ ਹਫ਼ਤੇ ਤੋਂ ਹੀ ਸਪਰੇਆਂ ਛਿੜਕੀਆਂ ਜਾ ਰਹੀਆਂ ਹਨ, ਪਰ ਵਿਭਾਗ ਵੱਲੋਂ ਕੀਤੇ ਤਾਜ਼ਾ ਸਰਵੇਖਣ ਦੌਰਾਨ ਇਸ ਹਮਲੇ ਦੀ ਖੇਤਾਂ ’ਚੋਂ ਪੁਸ਼ਟੀ ਕਰ ਦਿੱਤੀ ਗਈ ਹੈ।
ਇਸ ਦੌਰਾਨ ਅੱਜ ਮਿਲੀ ਜਾਣਕਾਰੀ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਪਿੰਡ ਚੁਕੇਰੀਆਂ ਅਤੇ ਬੁਰਜ ਰਾਠੀ ’ਚ ਚਿੱਟੀ ਮੱਖੀ-ਗੁਲਾਬੀ ਸੁੰਡੀ ਦੀ ਮਾਰ ਤੋਂ ਸਤਾਏ ਕਿਸਾਨਾਂ ਜਗਸੀਰ ਸਿੰਘ ਨੇ ਡੇਢ ਏਕੜ ਅਤੇ ਭੋਲਾ ਸਿੰਘ ਨੇ 3 ਏਕੜ ਨਰਮੇ ਦੀ ਲੱਕ-ਲੱਕ ਹੋਈ ਫ਼ਸਲ ਨੂੰ ਵਾਹ ਧਰਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਕਿਸਾਨ ਆਗੂ ਰੂਪ ਖਿਆਲਾ ਨੇ ਦੱਸਿਆ ਕਿ ਚਿੱਟੀ ਮੱਖੀ-ਗੁਲਾਬੀ ਸੁੰਡੀ ਕਾਰਨ ਨਰਮੇ ਦੇ ਜ਼ਿਆਦਾ ਪ੍ਰਭਾਵਿਤ ਹੋਣ ਕਾਰਨ ਬੇਵੱਸ ਹੋ ਕੇ ਕਿਸਾਨ ਆਪਣੀ ਫ਼ਸਲ ਵਾਹ ਰਹੇ ਹਨ। ਦੂਜੇ ਪਾਸੇ ਕਿਸਾਨ ਆਗੂ ਜਗਸੀਰ ਸਿੰਘ ਨੇ ਕਿਹਾ ਕਿ ਨਰਮਾ ਕਾਸ਼ਤਕਾਰ ਪ੍ਰਤੀ ਏਕੜ ਕਰੀਬ 15-20 ਹਜ਼ਾਰ ਰੁਪਏ ਖਰਚ ਕਰ ਚੁੱਕੇ ਹਨ ਅਤੇ ਹੁਣ ਸਰਕਾਰ ਨੂੰ ਜਲਦ ਤੋਂ ਜਲਦ ਪਾਰਦਰਸ਼ਤਾ ਨਾਲ ਗਿਰਦਾਵਰੀ ਕਰਵਾਉਣੀ ਚਾਹੀਦੀ ਹੈ। ਼
ਗੁਲਾਬੀ ਸੁੰਡੀ ਤੋਂ ਤੰਗ ਆ ਕੇ ਕਿਸਾਨ ਨੇ ਨਰਮਾ ਵਾਹਿਆ
ਸਰਦੂਲਗੜ੍ਹ (ਬਲਜੀਤ ਸਿੰਘ): ਗੁਲਾਬੀ ਸੁੰਡੀ ਦੇ ਹੋਏ ਹਮਲੇ ਕਾਰਨ ਪਿੰਡ ਹੀਰਕੇ ਦਾ ਕਿਸਾਨ ਨੂੰ ਆਪਣੀ ਨਰਮੇ ਦੀ ਫ਼ਸਲ ਵਾਹੁਣ ਲਈ ਮਜਬੂਰ ਹੋਣਾ ਪਿਆ। ਕਿਸਾਨ ਗੁਲਾਬ ਸਿੰਘ ਨੇ ਦੱਸਿਆ ਕਿ ਉਸ ਨੇ ਦੋ ਏਕੜ ਵਿੱਚ ਨਰਮੇ ਦੀ ਫ਼ਸਲ ਬੀਜੀ ਸੀ ਪਰ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਹਮਲੇ ਹੋਣ ਕਾਰਨ ਉਸ ਨੂੰ ਆਪਣੀ ਦੋ ਏਕੜ ਨਰਮੇ ਦੀ ਫ਼ਸਲ ਵਾਹੁਣੀ ਪੈ ਰਹੀ ਹੈ ਕਿਉਂਕਿ ਨਰਮਾ ਵੇਖਣ ਨੂੰ ਬਹੁਤ ਵਧੀਆ ਲੱਗ ਰਿਹਾ ਹੈ ਪਰ ਉਸ ਦੇ ਹਰ ਟੀਂਡੇ ਵਿੱਚ ਗੁਲਾਬੀ ਸੁੰਡੀ ਵੇਖਣ ਨੂੰ ਮਿਲ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਅਤੇ ਕਿਸਾਨ ਆਗੂਆਂ ਨੇ ਸੂਬਾ ਸਰਕਾਰ ਅਤੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਕਿ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਏ ਨਰਮੇ ਨੂੰ ਵਾਹੁਣ ਵਾਲੇ ਕਿਸਾਨਾਂ ਦੀ ਜਾਂਚ ਕਰਵਾ ਕੇ ਤੁਰੰਤ ਮੁਆਵਜ਼ਾ ਦਿੱਤਾ ਜਾਵੇ।