ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 8 ਜਨਵਰੀ
ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਵਿੱਚ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਜਥੇਦਾਰ ਅਵਤਾਰ ਸਿੰਘ ਮਾਨ ਤੇ ਬਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਭੋਗ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ- ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਭਾਈ ਮਨਪ੍ਰੀਤ ਸਿੰਘ ਸੁਲਤਾਨਪੁਰ ਲੋਧੀ ਵਾਲਿਆਂਂ ਦੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਇਆ ਅਤੇ ਕੀਰਤਨ ਦੀ ਸੇਵਾ ਭਾਈ ਗੁਰੂ ਘਰ ਦੇ ਹੈੱਡ ਗ੍ਰੰਥੀ ਰਾਗੀ ਭਾਈ ਵਰਿੰਦਰ ਸਿੰਘ ਅਤੇ ਭਾਈ ਮੱਖਣ ਸਿੰਘ ਬੁੱਟਰ ਵੱਲੋਂ ਨਿਭਾਈ ਗਈ। ਨਗਰ ਕੀਰਤਨ ਦੇ ਸਤਿਕਾਰ ਵਿੱਚ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਪੰਜ ਪਿਆਰਿਆਂ ਨੂੰ ਸਿਰੋਪੇ ਵੀ ਭੇਟ ਕੀਤੇ ਗਏ। ਸੰਗਤਾਂ ਵਾਸਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਮੂਹ ਸਟਾਫ਼ ਨੇ ਜਪੁਜੀ ਸਾਹਿਬ, ਸ੍ਰੀ ਚੌਪਈ ਸਾਹਿਬ ਅਤੇ ਅਨੰਦ ਸਾਹਿਬ ਦੇ ਪਾਠ ਕੀਤੇ ਅਤੇ ਸ਼ਬਦ ਕੀਰਤਨ ਕੀਤਾ। ਸਕੂਲ ਦੇ ਵਿਦਿਆਰਥੀਆਂ ਨੇ ਵੀ ਆਨਲਾਈਨ ਮਾਧਿਅਮ ਰਾਹੀਂ ਸ਼ਬਦ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਮੈਡਮ ਕੁਲਵੰਤ ਕੌਰ ਨੇ ਵਿਦਿਆਰਥੀਆਂਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਐੱਮਡੀ ਐੱਮ ਐੱਲ ਅਰੋੜਾ, ਪ੍ਰਿੰਸੀਪਲ ਕੰਚਨ, ਹੈੱਡ ਮਿਸਟ੍ਰੈੱਸ ਸੋਨੀਆ ਧਵਨ ਤੇ ਰਚਨਾ ਜਿੰਦਲ ਨੇ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਰਸਾਏ ਮਾਰਗ ਉੱਤੇ ਚੱਲਣ ਲਈ ਪ੍ਰੇਰਿਤ ਕੀਤਾ।