ਨਿੱਜੀ ਪੱਤਰ ਪ੍ਰੇਰਕ
ਮੋਗਾ, 1 ਨਵੰਬਰ
ਇਥੇ ਪ੍ਰਸਿੱਧ ਕਹਾਣੀਕਾਰ, ਨਾਵਲਕਾਰ ਅਤੇ ਵਾਰਤਕ ਲੇਖਕ ਗੁਰਮੀਤ ਕੜਿਆਲਵੀ ਦੀ ਨਵੀਂ ਪੁਸਤਕ ‘ਨਕਸ਼-ਨੁਕਾਸ਼’ ਪ੍ਰਸਿੱਧ ਇਤਿਹਾਸਕਾਰ, ਚਿੰਤਕ ਅਤੇ ਬੁਲਾਰੇ ਸੁਵਰਨ ਸਿੰਘ ਵਿਰਕ ਵਲੋਂ ਲੋਕ ਅਰਪਣ ਕੀਤੀ ਗਈ। ਪੁਸਤਕ ਲੋਕ ਅਰਪਣ ਕਰਨ ਦੀ ਰਸਮ ਸਮੇਂ ਪ੍ਰਕਾਸ਼ਕ ਅਤੇ ਪੀਪਲਜ਼ ਫੋਰਮ ਦੇ ਸੰਚਾਲਕ ਖੁਸ਼ਵੰਤ ਬਰਗਾੜੀ, ਸ਼ਾਇਰਾ ਸਿਮਰਜੀਤ ਸਿੰੰਮੀ, ਵਰਿੰਦਰ ਦੀਵਾਨਾ ਅਤੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਕਮਾਲਪੁਰਾ ਦੇ ਪ੍ਰਿਸੀਪਲ ਤੇ ਉੱਘੇ ਲੇਖਕ ਬਲਵੰਤ ਸਿੰਘ ਸੰਧੂ ਆਦਿ ਹਾਜ਼ਰ ਸਨ।
ਪੀਪਲਜ਼ ਫੋਰਮ ਦੇ ਸੰਚਾਲਕ ਖੁਸ਼ਵੰਤ ਬਰਗਾੜੀ ਨੇ ਦੱਸਿਆ ਕਿ ਬਹੁ-ਵਿਧਾਈ ਲੇਖਕ ਗੁਰਮੀਤ ਕੜਿਆਲਵੀ ਦੀ ਇਹ ਅਠਾਰਵੀਂ ਪੁਸਤਕ ਹੈ। ਗੁਰਮੀਤ ਵਲੋਂ ਲਿਖੀਆਂ ਆਤੂ ਖੋਜੀ, ਚੀਕ, ਸਾਰੰਗੀ ਦੀ ਮੌਤ, ਹਾਰੀਂ ਨਾ ਬਚਨਿਆ, ਗੁਰਚਰਨਾ ਗਾਡਰ, ਨਦੀ ਦੇ ਆਰਪਾਰ, ਅਲੇਹਾ ਵਰਗੀਆਂ ਸ਼ਾਹਕਾਰ ਕਹਾਣੀਆਂ ਨੇ ਪਾਠਕਾਂ ਦੇ ਮਨਾਂ ’ਚ ਵਿਸੇਸ਼ ਥਾਂ ਬਣਾਈ ਹੈ। ਪੁਸਤਕ ਦੇ ਪ੍ਰਕਾਸ਼ਕ ਨੇ ‘ਨਕਸ਼-ਨੱਕਾਸ਼’ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ ਵੱਖ ਵੱਖ ਖੇਤਰ ਦੀਆਂ ਗਿਆਰਾਂ ਅਹਿਮ ਸ਼ਖ਼ਸੀਅਤਾਂ ਦੇ ਸ਼ਬਦ ਚਿੱਤਰ ਹਨ। ਗੁਰਮੀਤ ਕੜਿਆਲਵੀ ਨੇ ਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲਾ, ਦਰਵੇਸ਼ ਗਾਇਕ ਹਾਕਮ ਸੂਫੀ, ਲੋਕ ਪੱਖੀ ਸ਼ਾਇਰ ਮਹਿੰਦਰ ਸਾਥੀ, ਵਿਅੰਗਕਾਰ ਕੇ ਐਲ ਗਰਗ, ਦੁਨੀਆਂ ਭਰ ‘ਚ ਨਾਮਣਾ ਖੱਟ ਚੁੱਕੇ ਚਿਤਰਕਾਰ ਜਰਨੈਲ ਸਿੰਘ, ਨਾਵਲਕਾਰ ਜਰਨੈਲ ਸਿੰਘ ਸੇਖਾ, ਬਲਦੇਵ ਸਿੰਘ, ਡਰਾਮਿਆਂ ਰਾਹੀਂ ਲੰਮਾ ਸਮਾ ਚਰਚਿਤ ਰਹੇ ਨੱਥੂਵਾਲੀਆ ਨਾਹਰ, ਡਾ. ਤਾਰਾ ਸਿੰਘ ਸੰਧੂ, ਆਪਣੇ ਪਿਤਾ ਬਾਬੂ ਸਿੰਘ ਅਤੇ ਪ੍ਰਸਿੱਧ ਨਾਵਲਕਾਰ ਬਲਬੀਰ ਪਰਵਾਨਾ ਦੀਆਂ ਸ਼ਖ਼ਸੀਅਤਾਂ ਨੂੰ ਬਾਰੀਕਬੀਨੀ ਨਾਲ ਚਿਤਰਿਆ ਹੈ।
ਵਰਿੰਦਰ ਦੀਵਾਨਾ ਨੇ ਗੁਰਮੀਤ ਦੀ ਵਾਰਤਕ ਕਲਾ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਉਸਨੇ ਕਹਾਣੀ ਦੇ ਨਾਲ ਨਾਲ ਵਾਰਤਕ ਲੇਖਣ ‘ਚ ਵੀ ਆਪਣਾ ਸਿੱਕਾ ਜੰਮਾਇਆ ਹੈ। ਇਤਿਹਾਸਕਾਰ ਤੇ ਲੇਖਕ ਸੁਵਰਨ ਸਿੰਘ ਵਿਰਕ ਨੇ ਗੁਰਮੀਤ ਕੜਿਆਲਵੀ ਨੂੰ ਇਸ ਸ਼ਾਨਦਾਰ ਕਾਰਜ ਲਈ ਮੁਬਾਰਕਬਾਦ ਦਿੱਤਾ।