ਪੱਤਰ ਪ੍ਰੇਰਕ
ਪੱਖੋ ਕੈਂਚੀਆਂ, 19 ਨਵੰਬਰ
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮਾਂ ਦੇ ਵਿਚਕਾਰਲੇ ਦਿਨ ਪਿੰਡ ਚੀਮਾ ਦੇ ਗੁਰਦੁਆਰਾ ਰਾਮਬਾਗ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਸਬੰਧੀ ਗੁਰੂ ਘਰ ਦੇ ਸੇਵਾਦਾਰ ਬਾਬਾ ਬਲਜੀਤ ਸਿੰਘ ਕੈਰੋਂ ਨੇ ਦੱਸਿਆ ਕਿ ਸਮੂਹ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਹਨ ਅਤੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਹੈ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਵਸ ਸਿੰਘ ਸਭਾ ਗੁਰਦੁਆਰਾ ਗੁਰੂ ਅਰਜਨ ਦੇਵ ਨਗਰ ਦੇ ਪ੍ਰਬੰਧਕਾਂ ਵੱਲੋਂ ਇਲਾਕੇ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਹਿਰ ਅਤੇ ਵੱਖ-ਵੱਖ ਪਿੰਡਾਂ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਇਸ ਦੌਰਾਨ ਸ਼ਰਧਾਲੂਆਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ ਅਤੇ ਲੰਗਰ ਲਗਾਏ ਗਏ। ਗਤਕਾ ਪਾਰਟੀ ਨੇ ਆਪਣੇ ਜੌਹਰ ਦਿਖਾਏ।
ਤਲਵੰਡੀ ਸਾਬੋ (ਪੱਤਰ ਪ੍ਰੇਰਕ): ਮਾਤਾ ਸੁੰਦਰੀ ਪਬਲਿਕ ਸਕੂਲ ਕੋਟ ਸ਼ਮੀਰ ਵਿੱਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਕੀਤੇ ਗਏ। ਧਾਰਮਿਕ ਸਮਾਗਮ ਵਿੱਚ ਰਾਜਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਦਸਵੀਂ ਪਾਤਸ਼ਾਹੀ, ਕੋਟ ਸ਼ਮੀਰ ਨੇ ਉਚੇਚੇ ਤੌਰ ’ਤੇ ਸ਼ਬਦ ਕੀਰਤਨ ਰਾਹੀਂ ਹਾਜ਼ਰੀ ਲਗਵਾਈ। ਅਵਤਾਰ ਦਿਹਾੜੇ ਮੌਕੇ ਅੱਠਵੀਂ, ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਮੈਡਮ ਹਰਪ੍ਰੀਤ ਕੌਰ, ਵੀਰਪਾਲ ਕੌਰ, ਪਰਮਜੀਤ ਕੌਰ ਢਿੱਲੋਂ ਅਤੇ ਕੁਲਦੀਪ ਕੌਰ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾਕਟਰ ਮਨੋਰਮਾ ਸਮਾਘ ਅਤੇ ਸਟਾਫ ਵੱਲੋਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ।
ਮੋਗਾ (ਨਿੱਜੀ ਪੱਤਰ ਪ੍ਰੇਰਕ): ਨੇੜਲੇ ਪਿੰਡ ਮਹੇਸਰੀ ਵਿੱਚ ਨਿੱਕੇ ਬੱਚਿਆਂ ਕਿਸਾਨਾਂ ਤੇ ਮਜ਼ਦੂਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰਪੁਰਬ ਮੌਕੇ ਤਿੰਨੋਂ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਕਿਸਾਨ ਅੰਦੋਲਨ ਦਾ ਸੁਨੇਹਾ ਦਿੱਤਾ। ਗੁਰਦੁਆਰਾ ਕਲਗੀਧਰ ਅੱਗੇ ਬਾਬੇ ਨਾਨਕ ਵੱਲੋਂ ਬਾਣੀ ਦੁਆਰਾ ਦਿੱਤੇ ਉਪਦੇਸ਼ਾਂ ਨੂੰ ਚਾਰਟਾਂ ਉੱਤੇ ਲਿਖ ਕੇ ਪ੍ਰਦਰਸ਼ਿਤ ਕੀਤਾ ਗਿਆ। ਬੈਨਰਾਂ ਅਤੇ ਚਾਰਟਾਂ ਉੱਤੇ ਲਿਖੇ ਕਿਸਾਨੀ ਅੰਦੋਲਨ ਦੇ ਨਾਅਰਿਆਂ ਬਾਰੇ ਗੱਲ ਕਰਦਿਆਂ ਸੁਖਜਿੰਦਰ ਮਹੇਸਰੀ, ਗੁਰਦੌਰ ਸਿੰਘ, ਤੇਜਾ ਸਿੰਘ ਅਤੇ ਪਰਮਜੀਤ ਸਿੰਘ ਪ੍ਰਧਾਨ ਨੇ ਕਿਹਾ ਕਿ ਭਾਵੇਂ ਅੱਜ ਪ੍ਰਧਾਨ ਮੰਤਰੀ ਨੇ ਖੇਤੀ ਮਾਰੂ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਹੈ ਪਰ ਸੰਯੁਕਤ ਮੋਰਚੇ ਵੱਲੋਂ 26 ਨਵੰਬਰ ਨੂੰ ਦਿੱਲੀ ਪੁੱਜਣ ਦੇ ਸੱਦੇ ਤਹਿਤ ਦਿੱਲੀ ਵੱਲ ਕੂਚ ਕੀਤਾ ਜਾਵੇਗਾ।
ਜਲਾਲਾਬਾਦ (ਨਿੱਜੀ ਪੱਤਰ ਪ੍ਰੇਰਕ): ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੂਰਬ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ ’ਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼ਹਿਰ ਦੇ ਗੁਰਦੁਆਰੇ ਸ੍ਰੀ ਗੁਰੂ ਸਿੰਘ ਸਭਾ, ਗੁਰਦੁਆਰਾ ਸ੍ਰੀ ਰਾਮਗੜੀਆ, ਗੁਰਦੁਆਰਾ ਬਾਬਾ ਦੀਪ ਸਿੰਘ ਜੀ, ਗੁਰਦੁਆਰਾ ਬਾਬਾ ਬਚਿੱਤਰ ਸਿੰਘ ਵਿੱਚ ਪ੍ਰਕਾਸ਼ ਪੂਰਬ ਸਬੰਧੀ ਕੀਰਤਨ ਦਰਬਾਰ ਸਜਾਏ ਗਏ। ਜਥਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਨਾਲ ਜੋੜ ਕੇ ਨਿਹਾਲ ਕੀਤਾ।
ਗੁਰਪੁਰਬ ਮੌਕੇ ਪੰਜ ਸੌ ਫੁੱਲਦਾਰ ਪੌਦੇ ਲਗਾਏ
ਭੁੱਚੋ ਮੰਡੀ (ਪੱਤਰ ਪ੍ਰੇਰਕ): ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਦਿਵਸ ਮੌਕੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਸ਼ਹੀਦ ਬਾਬਾ ਫ਼ਤਿਹ ਸਿੰਘ ਪਾਰਕ ਵਿੱਚ ਸ਼ਹੀਦ ਬਾਬਾ ਫ਼ਤਿਹ ਸਿੰਘ ਵੈੱਲਫੇਅਰ ਸੁਸਾਇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੰਜ ਸੌ ਫੁੱਲਦਾਰ ਪੌਦੇ ਲਗਾਏ ਗਏ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੁਖਬੀਰ ਸਿੰਘ, ਸਰਪ੍ਰਸਤ ਬਰਜਿੰਦਰ ਬਬਲਾ, ਗੁਰਚਰਨ ਸਿੰਘ, ਮਾਸਟਰ ਜਗਸੀਰ ਸਿੰਘ, ਕੁਲਜੀਤ ਕੀਤੂ, ਪੁਸ਼ਪਿੰਦਰ ਪਾਲੀ, ਹਰਮੇਲ ਸਿੰਘ ਆਦਿ ਨੇ ਸਹਿਯੋਗ ਦਿੱਤਾ। ਇਸ ਤਰ੍ਹਾਂ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ ਪ੍ਰਕਾਸ਼ ਪੁਰਬ ਸ਼ਰਧਾ ਭਾਵਣਾ ਨਾਲ ਮਨਾਇਆ ਗਿਆ।
ਪ੍ਰਕਾਸ਼ ਪੁਰਬ ਮੌਕੇ ਸੌ ਜਣਿਆਂ ਵੱਲੋਂ ਖੂਨਦਾਨ
ਲੰਬੀ (ਪੱਤਰ ਪ੍ਰੇਰਕ): ਗੁਰੂ ਨਾਨਕ ਕਾਲਜ ਮੰਡੀ ਕਿਲਿਆਂਵਾਲੀ ਵੱਲੋਂ ਪਹਿਲੀ ਪਾਤਸ਼ਾਹੀ ਦਾ 552ਵਾਂ ਗੁਰਪੁਰਬ ਕਾਲਜ ਦੇ ਗੁਰਦੁਆਰਾ ਸਾਹਿਬ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਨਾਨਕ ਨਾਮ ਲੇਵਾ ਸੰਗਤਾਂ ਗੁਰੂ ਘਰ ’ਚ ਨਤਮਸਤਕ ਹੋਈਆਂ। ਕਾਲਜ ਦੀ ਐਲੂਮਨੀ ਐਸੋਸੀਏਸ਼ਨ ਵੱਲੋਂ ਗੁਰਪੁਰਬ ਨੂੰ ਸਮਰਪਿਤ ਲਗਾਏ ਖੂਨਦਾਨ ਕੈਂਪ ’ਚ ਕਰੀਬ ਇੱਕ ਸੌ ਦਾਨੀਆਂ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ।