ਪੱਤਰ ਪ੍ਰੇਰਕ
ਮਾਨਸਾ, 15 ਅਕਤੂਬਰ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿੰਡ ਮੂਸਾ ਵਿੱਚ ਨੰਬਰਦਾਰ ਗੁਰਸ਼ਰਨ ਸਿੰਘ ਮੂਸਾ, ਪਿੰਡ ਮੂਸਾ ਦੇ ਸਰਪੰਚ ਚੁਣੇ ਗਏ ਹਨ। ਉਹ ਆਮ ਆਦਮੀ ਪਾਰਟੀ ਦੇ ਵਰਕਰ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਡਾ. ਬਲਜੀਤ ਸਿੰਘ ਨੂੰ 413 ਵੋਟਾਂ ਦੇ ਫਰਕ ਨਾਲ ਹਰਾਇਆ। 9 ਵਾਰਡਾਂ ਵਾਲੇ ਪਿੰਡ ਦੀਆਂ ਕੁੱਲ ਵੋਟਾਂ 2758 ਹਨ। 5 ਵਾਰਡਾਂ ’ਚ ਪੰਚਾਂ ’ਤੇ ਸਰਬਸੰਮਤੀ ਹੋ ਗਈ ਸੀ, ਜਦੋਂਕਿ 4 ਵਾਰਡਾਂ ’ਚ ਉਮੀਦਵਾਰ ਆਹਮੋਂ-ਸਾਹਮਣੇ ਸਨ। ਅੱਜ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੇ ਪਿੰਡ ਭੂੰਦੜ ਵਿੱਚ ਜਗਸੀਰ ਸਿੰਘ, ਕਾਹਨੇਵਾਲਾ ਵਿਚ ਕੁਲਵਿੰਦਰ ਕੌਰ ਅਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਦੇ ਪਿੰਡ ਮੋਫ਼ਰ ਵਿਚ ਗੁਰਬਖਸ਼ ਸਿੰਘ ਚੋਣਾਂ ਜਿੱਤਣ ਵਿਚ ਕਾਮਯਾਬ ਹੋਏ ਹਨ, ਜੋ ਆਮ ਆਦਮੀ ਪਾਰਟੀ ਦੇ ਵਰਕਰ ਹਨ।
ਪਿੰਡ ਭੂਪਾਲ ਵਿਚ ਲੋਕਾਂ ਵੱਲੋਂ ਪੋਲਿੰਗ ਸਟਾਫ ਵਾਲੀ ਬੱਸ ਘੇਰੀ
ਪਿੰਡ ਭੂਪਾਲ ਕਲਾਂ ਵਿੱਚ ਪਿੰਡ ਦੇ ਲੋਕਾਂ ਵਲੋਂ ਪੋਲਿੰਗ ਪਾਰਟੀ ਵਾਲੀ ਬੱਸ ਦਾ ਘਿਰਾਓ ਕਰਨ ਦੀ ਜਾਣਕਾਰੀ ਮਿਲੀ ਹੈ। ਲੋਕਾਂ ਵਲੋਂ ਬੱਸ ਘੇਰਨ ਦੀ ਸੂਚਨਾ ਜਿਉਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੀ ਤਾਂ ਉਨ੍ਹਾਂ ਵਲੋਂ ਪੁਲੀਸ ਪਾਰਟੀ ਨੂੰ ਭੇਜਿਆ ਗਿਆ। ਇਸ ਦੌਰਾਨ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਖਬਰ ਲਿਖੇ ਜਾਣ ਤੱਕ ਪੁਲੀਸ ਵਲੋਂ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਗੁਰਮੀਤ ਕੌਰ ਬਣੀ ਪਿੰਡ ਬਾਹਮਣੀਆਂ ਦੀ ਸਰਪੰਚ
ਮਹਿਲ ਕਲਾਂ (ਨਿੱਜੀ ਪੱਤਰ ਪ੍ਰੇਰਕ):
ਪੰਚਾਇਤੀ ਚੋਣਾਂ ਵਿੱਚ ਝਲਕਾਂ ਮਹਿਲ ਕਲਾਂ ਵਿੱਚ ਦੇਰ ਰਾਤ ਤੱਕ ਵੋਟਾਂ ਦੀ ਗਿਣਤੀ ਜਾਰੀ ਰਹੀ। ਖ਼ਬਰ ਲਿਖੇ ਜਾਣ ਤੱਕ ਕੁੱਝ ਪਿੰਡਾਂ ਦੇ ਨਤੀਜੇ ਆ ਚੁੱਕੇ ਸਨ। ਜਿਸ ਅਨੁਸਾਰ ਬਲਾਕ ਮਹਿਲ ਕਲਾਂ ਵਿੱਚ ਪਿੰਡ ਬਾਹਮਣੀਆਂ ਵਿਖੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਮਨਜੀਤ ਕੌਰ ਨੇ ਵਿਰੋਧੀ ਉਮੀਦਵਾਰ ਗੁਰਮੀਤ ਕੌਰ ਨੂੰ 40 ਵੋਟਾਂ, ਪਿੰਡ ਕਲਾਲ ਮਾਜਰਾ ਤੋਂ ਸਰਪੰਚੀ ਦੇ ਉਮੀਦਵਾਰ ਜਗਜੀਵਨ ਸਿੰਘ 350 ਵੋਟਾਂ ਨਾਲ, ਲੋਹਗੜ੍ਹ ਵਿਖੇ ਹਰਜਿੰਦਰ ਕੌਰ 501 ਵੋਟ ਨਾਲ, ਬੀਹਲਾ ਖੁਰਦ ਭਿੰਦਰ ਕੌਰ 26 ਵੋਟਾਂ, ਪਿੰਡ ਗੰਗੋਹਰ ਤੋਂ ਮਨਜੀਤ ਕੌਰ 285 ਵੋਟਾਂ ਨਾਲ, ਪਿੰਡ ਪੱਖੋਕੇ ਗੁਰਚਰਨ ਸਿੰਘ ਫੌਜੀ 49 ਵੋਟਾਂ ਨਾਲ, ਵਜੀਦਕੇ ਕਲਾਂ ਵਿਖੇ ਸੁਖਵੀਰ ਕੌਰ 35 ਵੋਟਾਂ ਨਾਲ, ਗਾਗੇਵਾਲ ਕਰਮਜੀਤ ਕੌਰ 635 ਵੋਟਾਂ, ਭੋਤਨਾ ਤੋਂ ਕੁਲਦੀਪ ਸਿੰਘ ਕੀਪਾ 671 ਵੋਟਾਂ ਨਾਲ, ਨਰੈਣਗੜ੍ਹ ਸੋਹੀਆਂ ਹਰਸ਼ਰਨ ਕੌਰ 125 ਵੋਟਾਂ ਨਾਲ ਸਰਪੰਚੀ ਦੀ ਚੋਣ ਜਿੱਤ ਗਏ। ਜਦਕਿ ਪਿੰਡ ਚੀਮਾ ਦੇ ਵਾਰਡ ਨੰਬਰ 1 ਤੋਂ ਕਿਰਨਜੀਤ ਕੌਰ, ਵਾਰਡ ਨੰਬਰ 2 ਤੋਂ ਮਿੰਟੂ ਸਿੰਘ, ਵਾਰਡ ਨੰਬਰ 3 ਤੋਂ ਬਲਵੰਤ ਸਿੰਘ, ਵਾਰਡ ਨੰਬਰ 4 ਤੋਂ ਗੁਰਮੇਲ ਸਿੰਘ ਸਿੱਖ, ਵਾਰਡ ਨੰਬਰ 8 ਗੁਰਪ੍ਰੀਤ ਕੌਰ, ਵਾਰਡ ਨੰਬਰ 11 ਤੋਂ ਕੁਲਵਿੰਦਰ ਕੌਰ ਜੇਤੂ ਰਹੇ, ਜਦਕਿ ਸਰਪੰਚੀ ਮਲੂਕ ਸਿੰਘ ਧਾਲੀਵਾਲ ਅਤੇ ਛੇ ਵਾਰਡਾਂ ਵਿੱਚ ਪੰਚ ਨਿਰਵਿਰੋਧ ਚੁਣੇ ਗਏ।