ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 28 ਜੂਨ
ਪੰਜਾਬ ਸਰਕਾਰ ਨੇ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਸੁਪਰ-ਸਪੈਸ਼ਲਿਸਟੀ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਹੈ। ਇਸ ਹਸਪਤਾਲ ਵਿੱਚ ਮਾਲਵੇ ਜ਼ਿਲ੍ਹੇ ਦੇ ਲੱਗਪਗ ਦਸ ਜ਼ਿਲ੍ਹਿਆਂ ਨੂੰ ਸਿਹਤ ਸਹੂਲਤਾਂ ਮਿਲ ਰਹੀਆਂ ਹਨ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਫਰੀਦਕੋਟ ਹਸਪਤਾਲ ਨੂੰ ਸੁਪਰ ਸਪੈਸ਼ਲਿਸਟ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਉੱਪਰ ਕਰੀਬ 600 ਕਰੋੜ ਰੁਪਏ ਖ਼ਰਚ ਆਉਣਗੇ ਅਤੇ ਅਗਲੇ ਪੰਜਾਂ ਸਾਲਾਂ ਵਿੱਚ ਇਹ ਪ੍ਰਾਜੈਕਟ ਮੁਕੰਮਲ ਹੋ ਜਾਵੇਗਾ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਫਰੀਦਕੋਟ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਰੈਫਰ ਸੈਂਟਰ ਬਣ ਕੇ ਰਹਿ ਗਿਆ ਸੀ ਅਤੇ ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ ਸਨ ਅਤੇ ਇੱਥੇ ਮਾਹਿਰ ਡਾਕਟਰਾਂ ਤੇ ਸਟਾਫ ਦੀ ਵੀ ਵੱਡੀ ਘਾਟ ਸੀ। ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਇਸ ਹਸਪਤਾਲ ਦੇ ਸੁਪਰ ਸਪੈਸ਼ਲ ਬਣਨ ਨਾਲ ਇੱਥੇ ਡਾਕਟਰਾਂ ਦੀ ਵੱਡੀ ਪੱਧਰ ’ਤੇ ਭਰਤੀ ਹੋਵੇਗੀ ਅਤੇ ਸਿਹਤ ਸਹੂਲਤਾਂ ਲਈ ਅਤਿ ਆਧੁਨਿਕ ਮਸ਼ੀਨਾਂ ਸਥਾਪਤ ਕੀਤੀਆਂ ਜਾਣਗੀਆਂ।