ਨਿੱਜੀ ਪੱਤਰ ਪ੍ਰੇਰਕ
ਫਾਜ਼ਿਕਲਾ, 8 ਜੁਲਾਈ
ਇੱਥੇ ਅੱਜ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਜ਼ਿਲ੍ਹਾ ਫਾਜ਼ਿਲਕਾ ਇਕਾਈ ਵੱਲੋਂ ਮੁਹਾਲੀ ਵਿੱਚ ਅਧਿਆਪਕਾਂ ’ਤੇ ਕੀਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਸਕੂਲਾਂ ’ਚ ਅਧਿਆਪਕਾਂ ਨੇ ਕਾਲੇ ਬਿੱਲੇ ਲਗਾ ਕੇ ਆਪਣਾ ਵਿਰੋਧ ਦਰਜ ਕਰਵਾਇਆ। ਜ਼ਿਕਰਯੋਗ ਹੈ ਕਿ ਆਪਣੀ ਕੱਚੀ ਨੌਕਰੀ ਨੂੰ ਪੱਕਾ ਕਰਵਾਉਣ ਲਈ ਪਿਛਲੇ ਕਈ ਦਿਨਾਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਸਾਹਮਣੇ ਮੋਰਚਾ ਲਗਾ ਕੇ ਬੈਠੇ ਅਧਿਆਪਕ ਬੀਤੇ ਜਦੋਂ ਉਹ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧ ਰਹੇ ਸਨ ਤਾਂ ਪੁਲੀਸ ਪ੍ਰਸ਼ਾਸਨ ਵੱਲੋਂ ਲਾਠੀਚਾਰਜ ਕੀਤਾ, ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਇਸ ਕਾਰਨ ਬਹੁਤ ਸਾਰੇ ਅਧਿਆਪਕ ਜ਼ਖਮੀ ਹੋ ਗਏ। ਇਸ ਮੌਕੇ ਜ਼ਿਲ੍ਹਾ ਆਗੂ ਮਹਿੰਦਰ ਕੌੜਿਆਂ ਵਾਲੀ, ਕੁਲਜੀਤ ਡੰਗਰਖੇੜਾ ਅਤੇ ਸੁਰਿੰਦਰ ਬਿੱਲਾ ਪੱਟੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਨ੍ਹਾਂ ਹਕ ਮੰਗਦੇ ਅਧਿਆਪਕਾਂ ਦੇ ਨਾਲ ਜਥੇਬੰਦੀ ਡੱਟਕੇ ਖੜ੍ਹੀ ਹੈ ਅਤੇ ਹਰ ਹਾਲ ’ਚ ਪੀੜਤ ਅਧਿਆਪਕਾਂ ਨੂੰ ਇਨਸਾਫ ਮਿਲਣ ਤੱਕ ਮੋਢੇ ਨਾਲ ਮੋਢਾ ਜੋੜਕੇ ਚੱਲੇਗੀ। ਅਧਿਆਪਕ ਆਗੂਆਂ ਨੇ ਕਿਹਾ ਕਿ ਜੇ ਸਰਕਾਰ ਇਨ੍ਹਾਂ ਦੀ ਮੰਗ ’ਤੇ ਗੋਰ ਨਹੀਂ ਕਰਦੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਅਧਿਆਪਕਾਂ ਵੱਲੋਂ ਮੁਜ਼ਾਹਰੇ
ਤਲਵੰਡੀ ਸਾਬੋ (ਪੱਤਰ ਪ੍ਰੇਰਕ): ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ’ਤੇ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਹੱਕੀ ਮੰਗਾਂ ਵਿਸਾਰਨ ਦੇ ਵਿਰੋਧ ਵਿੱਚ ਅੱਜ ਇਲਾਕੇ ਦੇ ਵੱਖ-ਵੱਖ ਸਕੂਲਾਂ ਵਿੱਚ ਅਧਿਆਪਕਾਂ ਨੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਕਾਪੀਆਂ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਕਨਵੀਨਰ ਜਗਪਾਲ ਬੰਗੀ ਅਤੇ ਡੀਟੀਐਫ ਦੇ ਬਲਾਕ ਪ੍ਰਧਾਨ ਗੁਰਮੇਲ ਮਲਕਾਣਾ ਨੇ ਦੱਸਿਆ ਕਿ ਅਧਿਆਪਕਾਂ ਨੇ 9 ਜੁਲਾਈ ਨੂੰ ਮੁਲਾਜ਼ਮਾਂ ਦੇ ਸਾਂਝੇ ਵਿਸ਼ਾਲ ਰੋਸ ਪ੍ਰਦਰਸ਼ਨਾਂ ਤੇ ਚੱਕਾ ਜਾਮ ਦਾ ਹਿੱਸਾ ਬਣਨ ਦਾ ਅਹਿਦ ਕੀਤਾ ਅਤੇ 29 ਜੁਲਾਈ ਨੂੰ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਬੈਨਰ ਹੇਠ ਪਟਿਆਲਾ ਸ਼ਹਿਰ ਸ਼ਮੂਲੀਅਤ ਕਰਨ ਦਾ ਫ਼ੈਸਲਾ ਵੀ ਕੀਤਾ।