ਨਿੱਜੀ ਪੱਤਰ ਪ੍ਰੇਰਕ
ਮੌੜ ਮੰਡੀ, 11 ਸਤੰਬਰ
ਬੀਤੇ ਕੁਝ ਦਿਨਾਂ ਤੋਂ ਪਿੰਡ ਘੁੰਮਣ ਕਲਾਂ ਵਾਸੀਆਂ ਵੱਲੋਂ ਬਠਿੰਡਾ-ਮਾਨਸਾ ਹਾਈਵੇਅ ’ਤੇ ਸਥਾਨਕ ਚੌਕ ਵਿੱਚ ਧਰਨਾ ਦੇ ਕੇ ਪਿੰਡ ਦੀ ਪੁਰਾਣੀ ਹੱਡਾ ਰੋੜੀ ਦੀ ਜਗ੍ਹਾ ’ਤੇ ਮੁਰਦਾ ਪਸ਼ੂਆਂ ਨੂੰ ਸੁੱਟਣ ਦੀ ਮੰਗ ਕੀਤੀ ਜਾ ਰਹੀ ਸੀ। ਉੱਥੇ ਅੱਜ ਪਿੰਡ ਵਾਸੀਆਂ ਵੱਲੋਂ ਵੱਡੀ ਗਿਣਤੀ ਵਿੱਚ ਹਾਈਵੇਅ ਵਾਲੇ ਧਰਨੇ ਵਿਰੁੱਧ ਇੱਕ ਹੋਰ ਧਰਨਾ ਉਕਤ ਹੱਡਾ ਰੋੜੀ ਦੀ ਪੁਰਾਣੀ ਜਗ੍ਹਾ ਨੇੜੇ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਪਿੰਡ ਵਾਸੀ ਜਗਦੇਵ ਸਿੰਘ, ਕਮਲਪ੍ਰੀਤ ਸਿੰਘ ਗੱਗੂ, ਰਾਮਜੀਤ ਸਿੰਘ ਆਦਿ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਰਦਾ ਪਸ਼ੂਆਂ ਦੇ ਸੁੱਟੇ ਜਾਣ ਦੀ ਆਗਿਆ ਲੈਣ ਲਈ ਪਿੰਡ ਦੀ ਇੱਕ ਧਿਰ ਪ੍ਰਸ਼ਾਸਨ ’ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਪੰਚਾਇਤ ਦੀ ਮਾਲਕੀ ਵਾਲੀ ਇਸ ਜ਼ਮੀਨ ’ਤੇ ਸਟੇਡੀਅਮ ਦਾ ਨੀਂਹ ਪੱਥਰ ਰੱਖ ਕੇ ਇਸ ਸਥਾਨ ’ਤੇ ਹੱਡਾ ਰੋੜੀ ਨੂੰ ਬੰਦ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪੰਚਾਇਤੀ ਜ਼ਮੀਨ ’ਤੇ ਹੱਡਾ ਰੋੜੀ ਦੇ ਹੋਣ ਬਾਰੇ ਮੁਰੱਬਾਬੰਦੀ ਤੋਂ ਲੈ ਕੇ ਕੋਈ ਰਿਕਾਰਡ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਸ਼ਾਸਨ ਇਥੇ ਸਟੇਡੀਅਮ ਮੁਕੰਮਲ ਕਰਕੇ ਹੱਡਾ ਰੋੜੀ ਨੂੰ ਪਿੰਡ ਤੋਂ ਦੂਰ ਪੰਚਾਇਤੀ ਜ਼ਮੀਨ ਵਿੱਚ ਚਾਲੂ ਕਰ ਦੇਵੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਿੰਡ ਦੀ ਪੰਚਾਇਤੀ ਜ਼ਮੀਨ ’ਤੇ ਕਾਬਜ਼ ਕੁਝ ਲੋਕ ਇਸੇ ਥਾਂ ’ਤੇ ਹੱਡਾ ਰੋੜੀ ਚਾਲੂ ਕਰਵਾਉਣ ਦੀ ਮੰਗ ਕਰਕੇ ਪ੍ਰਸ਼ਾਸਨ ਦਾ ਧਿਆਨ ਭਟਕਾ ਕੇ ਆਪਣੇ ਕਬਜ਼ਿਆਂ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ।