ਪਰਮਜੀਤ ਸਿੰਘ
ਫਾਜ਼ਿਲਕਾ, 24 ਨਵੰਬਰ
ਕਰੋਨਾ ਮਹਾਮਾਰੀ ਦੀ ਪਹਿਲੀ ਅਤੇ ਦੂਜੀ ਲਹਿਰ ਕਾਰਨ ਹਰ ਪਾਸੇ ਜਨਜੀਵਨ ਠੱਪ ਹੋ ਕੇ ਰਹਿ ਗਿਆ ਸੀ। ਅਜਿਹੇ ’ਚ ਅੱਖਾਂਦਾਨ ਦਾ ਕੰਮ ਵੀ ਲਗਪਗ ਠੱਪ ਹੋ ਗਿਆ ਹੈ। ਫਾਜ਼ਿਲਕਾ ਦੇ ਸਿਵਲ ਲਾਇਨਜ਼ ਵਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਦੇ ਲੈਕਚਰਾਰ ਪਵਨ ਬੱਬਰ ਦੀ 12 ਵਰ੍ਹਿਆਂ ਦੀ ਧੀ ਖੁਸ਼ੀ ਬੱਬਰ ਦੀ ਅਚਾਨਕ ਮੌਤ ਹੋ ਗਈ। ਇਸ ’ਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਰੀਤੂ ਬੱਬਰ ਅਤੇ 18 ਵਰ੍ਹਿਆਂ ਦੇ ਪੁੱਤਰ ਅਭੀ ਬੱਬਰ ਨੇ ਬਹੁਤ ਹੀ ਧੀਰਜ, ਹਿੰਮਤ ਅਤੇ ਹੌਸਲਾ ਵਿਖਾਉਂਦੇ ਹੋਏ ਆਪਣੇ ਪਰਿਵਾਰ ਦੀ ਛੋਟੀ ਬੱਚੀ ਦੀਆਂ ਅੱਖਾਂ ਦਾਨ ਕਰਨ ਦੀ ਇੱਛਾ ਪ੍ਰਗਟਾਈ।
ਬੱਬਰ ਪਰਿਵਾਰ ਦੇ ਰਿਸ਼ਤੇਦਾਰ ਸੰਦੀਪ ਖੁਰਾਣਾ ਨੇ ਸਮਾਜ ਸੇਵੀ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ ਨਾਲ ਸੰਪਰਕ ਕੀਤਾ। ਸੋਸ਼ਲ ਵੈਲਫੇਅਰ ਸੁਸਾਇਟੀ ਦੀ ਟੀਮ ਨੇ ਤੁਰੰਤ ਬੱਚੀ ਖੁਸ਼ੀ ਬੱਬਰ ਦੀਆਂ ਅੱਖਾਂ ਦਾਨ ਕਰਵਾਈਆਂ। ਇਸ ਤੋਂ ਬਾਅਦ ਖੁਸ਼ੀ ਦੇ ਅੰਤਿਮ ਸੰਸਕਾਰ ਮੌਕੇ ਸੁਸਾਇਟੀ ਦੇ ਮੈਂਬਰਾਂ ਨੇ ਬੱਚੀ ਦੀ ਦੇਹ ’ਤੇ ‘ਨੇਤਰਦਾਨੀ’ ਦੀ ਚਾਦਰ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ।
ਬੱਚੀ ਦੀਆਂ ਅੱਖਾਂ ਦਾ ਕੋਰਨੀਆ ਵਧੀਆ ‘ਏ’ ਗ੍ਰੇਡ ਦਾ ਸੀ, ਜਿਸ ਨੂੰ ਸੁਸਾਇਟੀ ਦੀ ਟੀਮ ਵੱਲੋਂ ਤੁਰੰਤ ਵਿਸ਼ਵ ਸਿਹਤ ਸੰਗਠਨ ਤੋਂ ਮਾਨਤਾ ਪ੍ਰਾਪਤ ਪੁਨਰਜੋਤ ਆਈ ਬੈਂਕ ਸੁਸਾਇਟੀ ਲੁਧਿਆਣਾ ਵਿਖੇ ਪਹੁੰਚਾਇਆ ਗਿਆ। ਇਸ ਤਰ੍ਹਾਂ ਖੁਸ਼ੀ ਸੋਸ਼ਲ ਵੈਲਫੇਅਰ ਸੁਸਾਇਟੀ ਦੀ 432ਵੀਂ ਅੱਖਾਂਦਾਨੀ ਬਣ ਗਈ ਅਤੇ ਉਸ ਦੀਆਂ ਅੱਖਾਂ ਦੋ ਪਰਿਵਾਰਾਂ ਦੀਆਂ ਖੁਸ਼ੀਆਂ ਦਾ ਵੱਡਾ ਕਾਰਨ ਬਣ ਗਈਆਂ।
ਪੁਨਰਜੋਤ ਦੇ ਡਾਇਰੈਕਟਰ ਡਾ. ਰਮੇਸ਼ ਨੇ ਸੁਸਾਇਟੀ ਦੇ ਪ੍ਰਧਾਨ ਨੂੰ ਸੂਚਿਤ ਕੀਤਾ ਕਿ ਬੱਚੀ ਖੁਸ਼ੀ ਦੀਆਂ ਅੱਖਾਂ ਦਾਨ ਕਰਨ ਤੋਂ ਪ੍ਰਾਪਤ ਕੋਰਨੀਆ ਨੂੰ 2 ਨੇਤਰਹੀਣਾਂ ਨੂੰ ਟਰਾਂਸਪਲਾਂਟ ਕੀਤਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ’ਚ ਰੌਸ਼ਨੀ ਆਵੇਗੀ ਅਤੇ ਉਹ ਇਸ ਖੂਬਸੂਰਤ ਦੁਨੀਆ ਨੂੰ ਵੇਖ ਸਕਣਗੇ।