ਪੱਤਰ ਪ੍ਰੇਰਕ
ਜੈਤੋ, 6 ਜੁਲਾਈ
ਪਿੰਡ ਰੋਮਾਣਾ ਅਜੀਤ ਸਿੰਘ ਦੇ ਟਕਸਾਲੀ ਕਾਂਗਰਸੀ ਪਰਿਵਾਰ ’ਚੋਂ ਨੱਥਾ ਸਿੰਘ ਸਰਮਾਏਦਾਰ ਦੇ ਹੋਣਹਾਰ ਫ਼ਰਜ਼ੰਦ ਮਨਜਿੰਦਰ ਸਿੰਘ ਧਾਲੀਵਾਲ (ਹੈਪੀ ਰੋਮਾਣਾ) ਦੀਆਂ ਪਾਰਟੀ ਪ੍ਰਤੀ ਸੇਵਾਵਾਂ ਦੇ ਮੱਦੇਨਜ਼ਰ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਜੈਤੋ ਤੋਂ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਰੋਮਾਣਾ ਇਸ ਤੋਂ ਪਹਿਲਾਂ ਚੋਣਾਂ ਰਾਹੀਂ ਦੋ ਵਾਰ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਜੈਤੋ ਦੇ ਪ੍ਰਧਾਨ ਚੁਣੇ ਜਾ ਚੁੱਕੇ ਹਨ। ਪਿਛਲੇ ਦਸ ਸਾਲਾਂ ਦੀ ਪ੍ਰਧਾਨਗੀ ਦੇ ਦੌਰ ਦੌਰਾਨ ਉਨ੍ਹਾਂ ਪਾਰਟੀ ਦੀ ਬਿਹਤਰੀ ਲਈ ਕਈ ਕਾਰਜ ਕੀਤੇ। ਉਹ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਹਨ। ਸ੍ਰੀ ਰੋਮਾਣਾ ਨੇ ਪਾਰਟੀ ਦੀ ਆਹਲਾ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਪਰਮਿੰਦਰ ਸਿੰਘ ਡਿੰਪਲ ਧਰਮਕੋਟ, ਕਾਂਗਰਸ ਕਿਸਾਨ ਸੈੱਲ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਸੇਖੋਂ, ਕਾਂਗਰਸ ਐਸਸੀ ਸੈੱਲ ਦੇ ਸੂਬਾਈ ਆਗੂ ਬੇਅੰਤ ਸਿੰਘ ਬੁਰਜ ਜਵਾਹਰ ਸਿੰਘ ਵਾਲਾ, ਕਾਂਗਰਸੀ ਆਗੂ ਸਤਿੰਦਰ ਸਿੰਘ ਗਿੱਲ (ਸੱਤਾ ਭਾਊ), ਚਮਕੌਰ ਸਿੰਘ ਰਾਮੇਆਣਾ, ਸਰਪੰਚ ਭਗਵੰਤ ਸਿੰਘ ਬਰਾੜ ਚੈਨਾ, ਅਵਤਾਰ ਸਿੰਘ ਬਰਾੜ ਚੈਨਾ, ਗੁਰਤੇਜ ਸਿੰਘ ਸਿੱਧੂ ਦਬੜ੍ਹੀਖਾਨਾ, ਸਰਪੰਚ ਬਲਕਰਨ ਸਿੰਘ ਅਤੇ ਸਰਪੰਚ ਸਵਰਨ ਸਿੰਘ ਨੇ ਸ੍ਰੀ ਧਾਲੀਵਾਲ ਨੂੰ ਵਧਾਈ ਦਿੱਤੀ ਹੈ।