ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ
ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਕਤਸਰ ਦੇ ਦਫ਼ਤਰਾਂ, ਘਰਾਂ, ਦੁਕਾਨਾਂ ਤੇ ਹੋਰ ਅਦਾਰਿਆਂ ’ਤੇ ਇਕ ਲੱਖ ਨੌਂ ਹਜ਼ਾਰ ਤਿਰੰਗੇ ਝੰਡੇ ਲਹਿਰਾਉਣ ਦਾ ਟੀਚਾ ਮਿੱਥਿਆ ਗਿਆ ਹੈ| ਇਹ ਝੰਡੇ ਪ੍ਰਸ਼ਾਸਨ ਵੱਲੋਂ ਵੇਚੇ ਜਾਣਗੇ| ਝੰਡਾ ਖਰੀਦਣ ਵਾਸਤੇ ਸਰਕਾਰੀ ਵਿਭਾਗਾਂ ਅਤੇ ਨਿੱਜੀ ਅਦਾਰਿਆਂ ਤੋਂ ਲਿਖਤੀ ਆਰਡਰ ਮੰਗੇ ਗਏ ਹਨ| ਝੰਡੇ 13 ਤੋਂ 17 ਅਗਸਤ ਤੱਕ ਲਹਿਰਾਏ ਜਾਣਗੇ| ਉਸ ਤੋਂ ਬਾਅਦ ਇੱਕ-ਇੱਕ ਝੰਡੇ ਨੂੰ ਸਤਿਕਾਰ ਸਹਿਤ ਅਗਨ ਭੇਟ ਕੀਤਾ ਜਾਵੇਗਾ|
ਇਸ ਸਬੰਧ ਵਿੱਚ ਇੱਥੇ ਹੋਈ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੇ ਦੱਸਿਆ ਕਿ ਹੁਣ ਕੇਂਦਰ ਸਰਕਾਰ ਵੱਲੋਂ ਸੋਧੇ ਗਏ ਨਿਯਮਾਂ ਤਹਿਤ ਕੌਮੀ ਝੰਡਾ ਦਿਨ-ਰਾਤ ਲਹਿਰਾਇਆ ਜਾ ਸਕਦਾ ਹੈ ਪਰ ਇਸ ਦੇ ਮਾਣ-ਸਨਮਾਨ ਦਾ ਪੂਰਾ ਖਿਆਲ ਰੱਖਣਾ ਹੋਵੇਗਾ| ਪਾਬੰਦੀਸ਼ੁਦਾ ਪਲਾਸਟਿਕ ਦੇ ਝੰਡੇ ਨਹੀਂ ਵੇਚੇ ਜਾਣਗੇ| ਪ੍ਰਸ਼ਾਸਨ ਕੇਂਦਰ ਸਰਕਾਰ ਵੱਲੋਂ ਭੇਜੇ ਝੰਡੇ ਵੇਚੇਗਾ। ਖਰੀਦਦਾਰ 9 ਅਗਸਤ ਤੱਕ ਝੰਡਿਆਂ ਦਾ ਆਰਡਰ ਦੇ ਸਕਦੇ ਹਨ| ਖਰੀਦੇ ਝੰਡਿਆਂ ਦੀ ਅਦਾਇਗੀ ਨਕਦ ਰੂਪ ਵਿੱਚ ਹੋਵੇਗੀ| ਅਣਵਿਕੇ ਝੰਡਿਆਂ ਦੀ ਵਾਪਸੀ ਹੋ ਸਕਦੀ ਹੈ ਤੇ ਲਾਏ ਗਏ ਝੰਡਿਆਂ ਦੀ ਤਸਦੀਕ ਕੇਂਦਰ ਸਰਕਾਰ ਦੇ ‘ਏਕਮ’ ਪੋਰਟਲ ’ਤੇ ਪਾਈ ਜਾ ਸਕਦੀ ਹੈ|