ਲਖਵੀਰ ਸਿੰਘ ਚੀਮਾ
ਟੱਲੇਵਾਲ, 1 ਸਤੰਬਰ
ਬਰਨਾਲਾ ਦੇ ਪਿੰਡ ਚੀਮਾ ਦਾ ਹਰਜਿੰਦਰ ਸਿੰਘ ਜੋ ਤਿੰਨ ਏਕੜ ਵਿੱਚੋਂ 30 ਏਕੜ ਜਿੰਨੀ ਕਮਾਈ ਕਰ ਰਿਹਾ ਹੈ। ਇਸ ਅਗਾਂਹਵਧੂ ਕਿਸਾਨ ਵੱਲੋਂ ਕਰੀਬ 5 ਸਾਲ ਪਹਿਲਾਂ ਪੌਦਿਆਂ ਦੀ ਨਰਸਰੀ ਸ਼ੁਰੂ ਕੀਤੀ ਗਈ ਸੀ। ਨਰਸਰੀ ਵਿੱਚ ਬਹੁਗਿਣਤੀ ਪੌਦੇ ਖ਼ੁਦ ਤਿਆਰ ਕੀਤੇ ਜਾਂਦੇ ਹਨ ਜਦੋਂ ਕਿ ਕੁੱਝ ਪੌਦੇ ਬਾਹਰੀ ਰਾਜਾਂ ਤੋਂ ਲਿਆ ਕੇ ਵੇਚੇ ਜਾ ਰਹੇ ਹਨ। ਇਸ ਤੋਂ ਪਹਿਲਾਂ ਹਰਜਿੰਦਰ ਨੇ ਮਧੂਮੱਖੀਆਂ ਦਾ ਕਿੱਤਾ ਵੀ ਅਪਣਾਇਆ ਸੀ ਪਰ ਜ਼ਹਿਰੀਲੀਆਂ ਕੀਟਨਾਸ਼ਕ ਦਵਾਈਆਂ ਦੇ ਮਾੜੇ ਅਸਰ ਕਾਰਨ ਇਹ ਕਿੱਤਾ ਛੱਡ ਦਿੱਤਾ। ਸ਼ੁੁਰੂ ਵਿੱਚ ਨਰਸਰੀ ਚਲਾਉਣ ਲਈ ਮਾਲੀਆਂ ਦੀ ਮਦਦ ਵੀ ਲਈ। ਮੌਜੂਦਾ ਵਖ਼ਤ ’ਚ ਹਰਜਿੰਦਰ ਦੀ ਬਰਨਾਲਾ-ਮੋਗਾ ਰੋਡ ’ਤੇ 3 ਏਕੜ ’ਚ ਸਥਿਤ ‘ਹਰਵਾਸ ਨਰਸਰੀ’ ਵਿੱਚ ਹਰ ਤਰ੍ਹਾਂ ਦੇ ਫ਼ੁੱਲ, ਫ਼ਲ, ਸਜਾਵਟ ਅਤੇ ਛਾਂਦਾਰ ਪੌਦੇ ਮੌਜੂਦ ਹਨ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਇਸ ਤੋਂ ਪਹਿਲਾਂ ਕੁਦਰਤੀ ਤਰੀਕੇ ਬਿਨਾਂ ਰੇਹ-ਸਪਰੇਅ ਤੋਂ ਸਬਜ਼ੀਆਂ ਵੀ ਉਗਾਈਆਂ ਪਰ ਕਾਮਯਾਬੀ ਨਾ ਮਿਲੀ ਪਰ ਉਸਨੇ ਮਿਹਨਤ ਨਹੀਂ ਛੱਡੀ। ਪੌਦਿਆਂ ਨਾਲ ਉਸਨੂੰ ਬਚਪਨ ਤੋਂ ਹੀ ਪਿਆਰ ਹੈ ਜਿਸ ਕਰਕੇ ਉਸਨੇ ਨਰਸਰੀ ਦੀ ਸ਼ੁਰੂਆਤ ਕੀਤੀ। ਇਸ ਨਰਸਰੀ ਰਾਹੀਂ ਉਹ 20 ਦੇ ਕਰੀਬ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ।
ਹਰਜਿੰਦਰ ਨੇ ਦੱਸਿਆ ਕਿ ਉਸਦੀ ਸਾਲਾਨਾ ਟਰਨਓਵਰ ਇਕ ਕਰੋੜ ਦੇ ਕਰੀਬ ਹੈ। ਮਜ਼ਦੂਰਾਂ, ਪੌਦਿਆਂ ਦੀ ਸਾਂਭ-ਸੰਭਾਲ, ਪੌਦੇ ਖ਼ਰੀਦਣ ਸਮੇਤ ਹਰ ਤਰ੍ਹਾਂ ਦੇ ਖ਼ਰਚਿਆਂ ’ਤੇ ਕਰੀਬ 70 ਲੱਖ ਖ਼ਰਚ ਆ ਜਾਂਦਾ ਹੈ ਜਦੋਂ ਕਿ 30 ਲੱਖ ਦੀ ਸਾਲਾਨਾ ਕਮਾਈ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਨਰਸਰੀ ’ਚ ਹਜ਼ਾਰਾਂ ਕਿਸਮਾਂ ਦੇ ਪੌਦੇ ਮੌਜੂਦ ਹਨ। ਖ਼ੁਦ ਤਿਆਰ ਕਰਨ ਦੇ ਨਾਲ ਨਾਲ ਮਹਾਂਰਾਸ਼ਟਰ, ਕਲਕੱਤਾ ਅਤੇ ਆਂਧਰਾ ਪ੍ਰਦੇਸ਼ ਤੋਂ ਵੀ ਪੌਦੇ ਮੰਗਵਾਏ ਜਾ ਰਹੇ ਹਨ। ਇਸ ਕੰਮ ਲਈ ਉਸਨੂੰ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀ ਵੀ ਮਦਦ ਕਰ ਰਹੇ ਹਨ। ਬਰਨਾਲਾ ਦੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਬਲਦੇਵ ਸਿੰਘ ਅਗਾਂਹਵਧੂ ਕਿਸਾਨ ਦੀ ਪ੍ਰਸ਼ੰਸਾ ਕਰ ਰਹੇ ਹਨ।