ਜੋਗਿੰਦਰ ਸਿੰਘ ਮਾਨ
ਮਾਨਸਾ, 23 ਮਈ
ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਦੇ ਅੱਜ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਬਠਿੰਡਾ ਹਲਕੇ ਦੇ ਸਿਆਸੀ ਸਮੀਕਰਨ ਬਦਲਣ ਦੀ ਸੰਭਾਵਨਾ ਹੈ। ਉਹ ਤਲਵੰਡੀ ਸਾਬੋ ਤੋਂ ਵਿਧਾਇਕ ਰਹੇ ਹਨ ਅਤੇ ਇਸੇ ਸੰਸਦੀ ਹਲਕੇ ਦੇ ਮੌੜ ਮੰਡੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵੱਲੋਂ ਚੋਣ ਲੜ ਚੁੱਕੇ ਹਨ। ਉਹ ਕਾਂਗਰਸ ਦੇ ਸੀਨੀਅਰ ਨੇਤਾ ਹੋਣ ਦੇ ਨਾਲ-ਨਾਲ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਕੁੜਮ ਰਿਸ਼ਤੇਦਾਰ ਹਨ। ਉਨ੍ਹਾਂ ਦੀ ਧੀ ਗੁਰਮੀਤ ਰਾਮ ਰਹੀਮ ਸਿੰਘ ਦੇ ਪੁੱਤਰ ਨਾਲ ਵਿਆਹੀ ਹੋਈ ਹੈ। ਉਨ੍ਹਾਂ ਦਾ ਤਿੰਨ ਵਿਧਾਨ ਸਭਾ ਹਲਕਿਆਂ ਤਲਵੰਡੀ ਸਾਬੋ, ਬਠਿੰਡਾ ਅਤੇ ਮੌੜ ਮੰਡੀ ਵਿਚ ਲੋਕਾਂ ਨਾਲ ਚੰਗਾ ਰਾਬਤਾ ਹੈ ਜਿਸ ਕਰਕੇ ਉਨ੍ਹਾਂ ਨਾਲ ਜੁੜੇ ਲੋਕਾਂ ਦੇ ਹੁਣ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਹੱਕ ਵਿੱਚ ਚੱਲਣ ਦੀ ਕਿਆਸਅਰਾਈਆਂ ਆਰੰਭ ਹੋ ਗਈਆਂ ਹਨ। ਦਿੱਲੀ ਤੋਂ ਫੋਨ ’ਤੇ ਗੱਲਬਾਤ ਕਰਦਿਆਂ ਹਰਮਿੰਦਰ ਸਿੰਘ ਜੱਸੀ ਨੇ ਮੰਨਿਆ ਕਿ ਉਨ੍ਹਾਂ ਨੇ ਅੱਜ ਰਾਤ ਨੂੰ ਦਿੱਲੀ ਤੋਂ ਵਾਪਸ ਆਉਣ ਬਾਅਦ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦੇ ਹੱਕ ਵਿੱਚ ਬਕਾਇਦਾ ਨੁੱਕੜ ਰੈਲੀਆਂ ਆਰੰਭ ਕਰ ਦੇਣੀਆਂ ਹਨ। ਇਸੇ ਦੌਰਾਨ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੇ ਫੋਨ ’ਤੇ ਦੱਸਿਆ ਕਿ ਉਨ੍ਹਾਂ ਦੀ ਚੋਣ ਮੁਹਿੰਮ ਹੁਣ ਹਰਮਿੰਦਰ ਸਿੰਘ ਜੱਸੀ ਦੇ ਆਉਣ ਕਾਰਨ ਹੋਰ ਪੱਕੇ ਪੈਰੀਂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਬੇਸ਼ੱਕ ਸਿਆਸਤ ਵਿੱਚ ਆਈਏਐੱਸ ਦੀ ਨੌਕਰੀ ਤਿਆਗਕੇ ਨਵੇਂ ਆਏ ਹਨ, ਪਰ ਹਰਮਿੰਦਰ ਜੱਸੀ ਦਾ ਕਈ ਵਿਧਾਨ ਸਭਾ ਹਲਕਿਆਂ ਵਿੱਚ ਚੰਗਾ ਤਜਰਬਾ ਹੋਣ ਕਾਰਨ ਉਨ੍ਹਾਂ ਨੂੰ ਵੱਡਾ ਲਾਭ ਮਿਲੇਗਾ।ਉਧਰ ਹਰਮਿੰਦਰ ਜੱਸੀ ਦੇ ਭਾਜਪਾ ’ਚ ਆਉਣ ਤੋਂ ਬਾਅਦ ਹੁਣ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਜੁੱਟੇ ਸਾਬਕਾ ਵਿਧਾਇਕਾਂ ਦੀ ਗਿਣਤੀ ਵੱਧ ਗਈ ਹੈ। ਇਸ ਤੋਂ ਪਹਿਲਾਂ ਭਾਜਪਾ ਲਈ ਸਰੂਪ ਚੰਦ ਸਿੰਗਲਾ, ਜਗਦੀਪ ਸਿੰਘ ਨਕੱਈ ਤੇ ਮੰਗਤ ਰਾਏ ਬਾਂਸਲ ਚੋਣ ਮੁਹਿੰਮ ਨੂੰ ਭਖਾ ਰਹੇ ਹਨ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਜੀਤਇੰਦਰ ਸਿੰਘ ਮੋਫ਼ਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਹਰਮਿੰਦਰ ਸਿੰਘ ਜੱਸੀ ਦੇ ਭਾਜਪਾ ’ਚ ਜਾਣ ਨਾਲ ਕਾਂਗਰਸ ਪਾਰਟੀ ਨੂੰ ਕੋਈ ਫ਼ਰਕ ਨਹੀਂ ਪਵੇਗਾ ਸਗੋਂ ਉਨ੍ਹਾਂ ਨੇ ਆਪਣਾ ਹੀ ਸਮਾਜਿਕ ਤੌਰ ’ਤੇ ਨੁਕਸਾਨ ਕਰ ਲਿਆ ਹੈ। ਕਾਂਗਰਸ ਪਾਰਟੀ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਦਾ ਪਹਿਲਾਂ ਹੀ ਬਹੁਤ ਨੁਕਸਾਨ ਕਰ ਦਿੱਤਾ ਹੈ ਅਤੇ ਹੁਣ ਕਾਂਗਰਸ ਹੋਰ ਮਜ਼ਬੂਤ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਾਰਟੀਆਂ ਛੱਡਣ ਵਾਲਿਆਂ ਦੇ ਪੱਲੇ-ਧੱਲੇ ਕੁੱਝ ਨਹੀਂ ਰਹਿੰਦਾ ਹੈ।