ਪੱਤਰ ਪ੍ਰੇਰਕ
ਜ਼ੀਰਾ, 16 ਨਵੰਬਰ
ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਦੀ ਖਿਡਾਰਨ ਸੁਖਮਨ ਦੀ ਮਾਤਾ ਹਰਪ੍ਰੀਤ ਕੌਰ ਨੇ ਬਾਕਸਿੰਗ ਵਿੱਚ ਸੋਨ ਤਗ਼ਮਾ ਪ੍ਰਾਪਤ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਸਕੂਲ ਵਿੱਚ ਪੜ੍ਹਦੀ ਛੇਵੀਂ ਜਮਾਤ ਦੀ ਵਿਦਿਆਰਥਣ ਸੁਖਮਨ ਜੋ ਬਾਕਸਿੰਗ ਦੀ ਖਿਡਾਰਨ ਹੈ ਅਤੇ ਲਗਾਤਾਰ ਬਾਕਸਿੰਗ ਦੀ ਟ੍ਰੇਨਿੰਗ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਸੁਖਮਨ ਦੇ ਮਾਤਾ ਵੀ ਇਸ ਟ੍ਰੇਨਿੰਗ ਦਾ ਹਿੱਸਾ ਬਣਦੇ ਰਹੇ ਅਤੇ ਉਨ੍ਹਾਂ ਆਪਣੀ ਧੀ ਨਾਲ ਸਿਖਲਾਈ ਲਈ ਸੀ। ਉਨ੍ਹਾਂ ਕਿਹਾ ਕਿ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੂਬਾਈ ਬਾਕਸਿੰਗ ਮੁਕਾਬਲੇ ਵਿੱਚ ਸੁਖਮਨ ਦੀ ਮਾਤਾ ਹਰਪ੍ਰੀਤ ਕੌਰ ਨੇ ਸੋਨ ਤਗ਼ਮਾ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ ਹਰਪ੍ਰੀਤ ਕੌਰ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਦੀ ਪਤਨੀ ਹਨ। ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਪੜ੍ਹਾਈ ਅਤੇ ਖੇਡਣ ਦੀ ਕੋਈ ਉਮਰ ਨਹੀਂ ਹੁੰਦੀ ਪਰ ਬੰਦੇ ਵਿੱਚ ਕੁਝ ਕਰਨ ਦਾ ਜਜ਼ਬਾ ਹੋਣਾ ਹੋਣਾ ਚਾਹੀਦਾ ਹੈ। ਇਸ ਮੌਕੇ ਕੋਚ ਲਕਸ਼ਮੀ ਵਰਮਾ ਤੇ ਡੀਪੀ ਪਰਮਜੀਤ ਸਿੰਘ ਆਦਿ ਹਾਜ਼ਰ ਸਨ।