ਇਕਬਾਲ ਸਿੰਘ ਸ਼ਾਂਤ
ਲੰਬੀ, 4 ਜੂਨ
ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਹਰਾਉਣ ਵਾਲੇ ਮੌਜੂਦਾ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਮਹਿਜ਼ ਸਵਾ ਦੋ ਸਾਲਾਂ ’ਚ ਹੀ ਸਿਆਸੀ ਪੱਖੋਂ ਲੋਕਾਂ ਦੇ ਮਨੋਂ ਲੱਥ ਗਏ। ਹਰਸਿਮਰਤ ਨੇ ਖੁੱਡੀਆਂ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਹਾਰ ਦੇ ਨਾਲ-ਨਾਲ ਉਨ੍ਹਾਂ ਦੇ ਵਿਧਾਇਕੀ ਹਲਕੇ ਲੰਬੀ ’ਚ ਵੱਡੀ ਮਾਤ ਪਈ ਹੈ। ਲੰਬੀ ਹਲਕੇ ਵਿੱਚੋਂ ਅਕਾਲੀ ਦਲ ਦੇ ਉਮੀਦਵਾਰ ਹਰਮਿਸਰਤ ਕੌਰ ਬਾਦਲ ਨੇ ਗੁਰਮੀਤ ਖੁੱਡੀਆਂ ਨੂੰ 23,264 ਵੋਟਾਂ ਨਾਲ ਪਛਾੜਿਆ ਹੈ। ਵਿਧਾਨ ਸਭਾ ਚੋਣਾਂ 2022 ਮੌਕੇ ਖੁੱਡੀਆਂ ਨੂੰ 11,396 ਵੋਟ ਅੰਤਰ ਨਾਲ ਜਿੱਤ ਮਿਲੀ ਸੀ। ਲੰਬੀ ਹਲਕੇ ‘ਚ ਪੱਕੇ ਵੋਟ ਬੈਂਕ ਨੇ ਲੰਬੀ ‘ਚ ਅਕਾਲੀ ਦਲ ਦੀਆਂ ਮਜ਼ਬੂਤ ਜੜ੍ਹਾਂ ਨੂੰ ਮੁੜ ਸਾਬਤ ਕਰ ਦਿੱਤਾ। 2022 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਹਾਰ ਸਮੇਂ ਵੀ ਉਨ੍ਹਾਂ ਦੇ ਹੱਕ ਵਿੱਚ 54917 ਵੋਟਰ ਭੁਗਤੇ ਸਨ ਅਤੇ ਹੁਣ ਵੀ ਹਲਕੇ ਦੇ 54337 ਵੋਟਰਾਂ ਨੇ ਹਰਸਿਰਮਤ ਕੌਰ ਬਾਦਲ ਨੂੰ ਵੋਟਾਂ ਪਾਈਆਂ। ਦੂਜੇ ਪਾਸੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦਾ ਲੋਕ ਆਧਾਰ ਵਿਧਾਨਸਭਾ ਚੋਣ-2022 ਦੀਆਂ 66313 ਵੋਟਾਂ ਤੋਂ ਖਿਸਕ ਕੇ ਸਿਰਫ਼ 31073 ਵੋਟਾਂ ‘ਤੇ ਸਿਮਟ ਗਿਆ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ‘ਆਪ’ ਉਮੀਦਵਾਰ ਨੂੰ ਲਗਪਗ ਹਰੇਕ ਰਾਊਂਡ ਵਿੱਚੋਂ ਭਾਰੀ ਹਾਰ ਮਿਲੀ। ਲੋਕ ਸਭਾ ਚੋਣ ’ਚ ਜਿੱਤਣ ਲਈ ਗੁਰਮੀਤ ਖੁੁੱਡੀਆਂ ਨੇ ਪੂਰੀ ਵਾਹ ਲਗਾਈ। ਵੋਟਰਾਂ ਨੂੰ ਲੁਭਾਉਣ ਖਾਤਰ ‘ਇੱਕ ਸ਼ਰੀਫ਼ ਅਤੇ ਇਮਾਨਦਾਰ ਆਗੂ’ ਵਾਲੇ ਫਲੈਕਸ ਵੀ ਲਾਏ ਗਏ। ਪ੍ਰਚਾਰ ਤਹਿਤ ਮਰਹੂਮ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਦਰਵੇਸ਼ ਸ਼ਖਸੀਅਤ ਦੇ ਹਲੀਮੀ ਭਰੇ ਜੀਵਨ ਨੂੰ ਚੋਣ ਮੁਹਿੰਮ ਖੂਬ ਪ੍ਰਚਾਰਿਆ ਗਿਆ। ਇਸ ਚੋਣ ਵਿੱਚ ਹਰਸਿਮਰਤ ਕੌਰ ਬਾਦਲ ਦੀ ਚੌਥੀ ਵਾਰ ਦੀ ਜਿੱਤ ਦੇ ਅੰਤਰ ਨੇ ‘ਬਠਿੰਡਾ ਬਾਦਲਾਂ ਦਾ ਅਤੇ ਬਾਦਲ ਬਠਿੰਡੇ ਦੇ’ ਕਥਨ ਨੂੰ ਸਾਬਤ ਕਰ ਦਿੱਤਾ।