ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ
ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਅਕਾਲੀ ਦਲ ਵੱਲੋਂ ਵੋਟਰਾਂ ਤੱਕ ਪਹੁੰਚ ਬਣਾਉਣ ਲਈ ਲਗਾਤਾਰ ਬੈਠਕਾਂ ਦਾ ਸਿਲਸਿਲਾ ਜਾਰੀ ਹੈ ਜਿਸਦੇ ਚੱਲਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਸ਼ਹਿਰ ਦੇ 31 ਵਾਰਡਾਂ ਦੇ ਲੋਕਾਂ ਨੂੰ ਅਕਾਲੀ ਦਲ ਦੇ 13 ਨੁਕਾਤੀ ਪ੍ਰੋਗਰਾਮ ਤੋਂ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਨਾਲ ਕੰਵਰਜੀਤ ਸਿੰਘ ਰੋਜ਼ ਬਰਕੰਦੀ, ਮਨਜਿੰਦਰ ਸਿੰਘ ਬਿੱਟੂ, ਬਾਬਾ ਦਲੀਪ ਸਿੰਘ, ਅਮਰੀਕ ਸਿੰਘ ਸੈਨ ਭਗਤ, ਗੁਰਮੀਤ ਸਿੰਘ ਕਾਕੂ, ਪੱਪੀ ਥਾਂਦੇਵਾਲਾ, ਰਾਜਦੇਵ ਆਦਿ ਮੌਜੂਦ ਸਨ। ਸ੍ਰੀਮਤੀ ਬਾਦਲ ਨੇ ਵਾਲਮੀਕਿ ਧਰਮਸ਼ਾਲਾ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਨੂੰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਤੇ ਸਮੱਸਿਆਵਾਂ ਦਾ ਪਤਾ ਹੁੰਦਾ ਸੀ ਤੇ ਉਸੇ ਅਨੁਸਾਰ ਉਹ ਲੋਕਾਂ ਨੂੰ ਸਹੂਲਤਾਂ ਦਿੰਦੇ ਸਨ ਪਰ ਕਾਂਗਰਸ ਸਰਕਾਰ ਸਿਰਫ ਗੱਲੀਂ ਬਾਤੀਂ ਦਾਅਵੇ ਕਰ ਰਹੀ ਹੈ ਜਦੋਂ ਕਿ ਅਸਲ ਵਿੱਚ ਉਸਦਾ ਲੋਕਾਂ ਨਾਲ ਕੋਈ ਰਾਬਤਾ ਨਹੀਂ। ਉਨ੍ਹਾਂ ਆਉਂਦੀਆਂ ਚੋਣਾਂ ਦੌਰਾਨ ਅਕਾਲੀ ਦਲ ਨੂੰ ਵੋਟ ਦੇਣ ਦੀ ਅਪੀਲ ਵੀ ਕੀਤੀ।