ਇਕਬਾਲ ਸਿੰਘ ਸ਼ਾਂਤ
ਲੰਬੀ, 13 ਜੁਲਾਈ
ਫੂਡ ਪ੍ਰੋਸੈਸਿੰਗ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰੀ ਫੂਡ ਪ੍ਰੋਸੈਸਿੰਗ ਸਨਅਤ ਮੰਤਰਾਲੇ ਨੇ ਕਿੰਨੂਆਂ ਦੇ ਉਤਪਾਦਕਾਂ ਅਤੇ ਪੈਦਾਵਾਰ ਨੂੰ ਹੁਲਾਰਾ ਦੇਣ ਲਈ ਵੱਡਾ ਆਰਥਿਕ ਫ਼ੈੈਸਲਾ ਲਿਆ ਹੈ। ਮੰਤਰਾਲੇ ਵੱਲੋਂ ਖਪਤ ਕੇਂਦਰਾਂ ਨੂੰ ਕਿੰਨੂ ਦੇ ਭੰਡਾਰਨ ਅਤੇ ਟਰਾਂਸਪੋਰਟੇਸ਼ਨ ’ਤੇ 50 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਪਿੰਡ ਬਾਦਲ ਵਿੱਚ ਹਰਸਿਮਰਤ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼ਾਮ ਕਿੰਨੂ ਉਤਪਾਦਕਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਬਤੌਰ ਬਾਗਬਾਨ ਅਤੇ ਕਿੰਨੂ ਉਦਪਾਦਕ ਵਜੋਂ ਸ਼ਾਮਲ ਹੋਏ। ਬਾਗ਼ਬਾਨੀ ਦੇ ਸ਼ੌਕੀਨ 93 ਸਾਲਾ ਵੱਡੇ ਬਾਦਲ ਅਕਸਰ ਬਾਲਾਸਰ ਫਾਰਮ ਹਾਊਸ ’ਤੇ ਕਿੰਨੂਆਂ ਅਤੇ ਹੋਰਨਾਂ ਬਾਗ਼ਾਂਂ ’ਚ ਫ਼ਸਲਾਂ ਦੀ ਸਾਂਭ-ਸੰਭਾਲ ਅਤੇ ਦੇਖਰੇਖ ਕਰਦੇ ਵੇਖੇ ਜਾਂਦੇ ਹਨ। ਮੀਟਿੰਗ ਵਿੱਚ ਜ਼ਿਆਦਾਤਰ ਕਿੰਨੂ ਉਤਪਾਦਕ ਫਿਰੋਜ਼ਪੁਰ ਲੋਕ ਸਭਾ ਹਲਕੇ ਨਾਲ ਸਬੰਧਿਤ ਸਨ। ਜ਼ਿਕਰਯੋਗ ਹੈ ਕਿ ਆਤਮ ਨਿਰਭਰ ਭਾਰਤ ਦੇ ਤਹਿਤ ਅਪਰੇਸ਼ਨ ਗਰੀਨਜ਼ ਸਕੀਮ ਕਿੰਨੂ ਅਤੇ ਸਬਜ਼ੀ ਉਤਪਾਦਕਾਂ ਤੋਂ ਇਲਾਵਾ ਕਿਸਾਨਾਂ ਲਈ ਲਾਹੇਵੰਦ ਸਕੀਮ ਹੈ। ਇਹ ਸਕੀਮ ਫਲ ਤੇ ਸਬਜ਼ੀ ਉਤਪਾਦਕਾਂ ਨੂੰ ਲੌਕਡਾਊਨ ਕਾਰਨ ਮੰਦੇ ਵਿਚ ਘੱਟ ਕੀਮਤ ’ਤੇ ਆਪਣੀ ਜਿਣਸ ਵੇਚਣ ਲਈ ਮਜਬੂਰ ਹੋਣ ਤੋਂ ਰੋਕਦੀ ਹੈ ਅਤੇ ਫ਼ਸਲ ਦੀ ਤੁੜਾਈ ਉਪਰੰਤ ਦੇ ਘਾਟੇ ਵਿੱਚ ਕਟੌਤੀ ਕਰਦੀ ਹੈ। ਅਪਰੇਸ਼ਲ ਗ੍ਰੀਨ ਸਕੀਮ ਦਾ ਦਾਇਰਾ ਟਮਾਰਟ, ਪਿਆਜ਼ ਤੇ ਆਲੂ ਦੀਆਂ ਫ਼ਸਲਾਂ ਤੋਂ ਵਧਾ ਕੇ ਸਾਰੀਆਂ ਸਬਜ਼ੀਆਂ ਤੇ ਫਲਾਂ ਤੱਕ ਕਰ ਦਿੱਤਾ ਗਿਆ ਹੈ। ਇਹ ਯੋਜਨਾ ਦਾ ਤੈਅਸ਼ੁਦਾ ਸਮਾਂ 11 ਜੂਨ ਤੋਂ ਛੇ ਮਹੀਨੇ ਦੇ ਅਰਸੇ ਤੱਕ ਮਿੱਥਿਆ ਗਿਆ ਹੈ। ਉਹਨਾਂ ਕਿਹਾ ਕਿ ਮੰਤਰਾਲਾ ਵਾਧੂ ਜਿਣਸ ਨੂੰ ਖਪਤ ਕੇਂਦਰ ਤੱਕ ਪਹੁੰਚਾਉਣ ਲਈ ਟਰਾਂਸਪੋਰਟੇਸ਼ਨ ’ਤੇ ਆਏ ਖਰਚ ਅਤੇ ਯੋਗ ਜਿਣਸਾਂ ਦੇ ਤਿੰਨ ਮਹੀਨੇ ਦੇ ਸਮੇਂ ਲਈ ਭੰਡਾਰਣ ਦ ਖਰਚ ’ਤੇ 50 ਫੀਸਦੀ ਸਬਸਿਡੀ ਦੇਵੇਗੀ।