ਜੋਗਿੰਦਰ ਸਿੰਘ ਮਾਨ/ਕਰਨ ਭੀਖੀ
ਮਾਨਸਾ/ਭੀਖੀ , 3 ਨਵੰਬਰ
ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਜ਼ਿਲ੍ਹਾ ਮਾਨਸਾ ਦੇ ਪਿੰਡ ਖੀਵਾ ਦਿਆਲੂ ਵਾਲਾ ਦੀਆਂ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਟਿੱਪਰ ਵੱਲੋਂ ਦਰੜ ਦੇਣ ਕਾਰਨ ਸ਼ਹੀਦ ਹੋਈਆਂ ਕਿਸਾਨ ਬੀਬੀਆਂ ਅਮਰਜੀਤ ਕੌਰ, ਗੁਰਮੇਲ ਕੌਰ, ਸ਼ਿੰਦਰ ਕੌਰ ਦੇ ਘਰ ਜਾ ਕੇ ਦੁੱਖ ਪ੍ਰਗਟਾਇਆ। ਉਨ੍ਹਾਂ ਦੇ ਨਾਲ ਮਾਨਸਾ ਤੋਂ ਅਕਾਲੀ ਦਲ ਦੇ ਐਲਾਨੇ ਗਏ ਉਮੀਦਵਾਰ ਅਤੇ ਜ਼ਿਲ੍ਹਾ ਸ਼ਹਿਰੀ ਵਿੰਗ ਦੇ ਪ੍ਰਧਾਨ ਪ੍ਰੇਮ ਅਰੋੜਾ ਮੌਜੂਦ ਸਨ। ਹਰਸਿਮਰਤ ਕੌਰ ਬਾਦਲ ਨੇ ਸ਼ਹੀਦ ਕਿਸਾਨ ਬੀਬੀਆਂ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ਵਿਖੇ ਸੰਘਰਸ਼ ਕਰ ਰਹੇ ਸੈਂਕੜੇ ਕਿਸਾਨ ਸ਼ਹੀਦੀ ਪਾ ਚੁੱਕੇ ਹਨ ਪਰ ਕੇਂਦਰ ਸਰਕਾਰ ਹਾਲੇ ਤੱਕ ਟਸ ਤੋਂ ਮੱਸ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਨ੍ਹਾਂ ਕਿਸਾਨਾਂ ਦੀ ਸਾਰ ਲੈਣੀ ਚਾਹੀਦਾ ਹੈ ਪਰ ਸਰਕਾਰ ਮਾਮੂਲੀ ਐਲਾਨ ਕਰਕੇ ਹਾਲੇ ਤੱਕ ਪਰਿਵਾਰਾਂ ਕੋਲ ਦੁੱਖ ਵੰਡਾਉਣ ਲਈ ਵੀ ਨਹੀਂ ਪੁੱਜ ਸਕੀ। ਇਸ ਮੌਕੇ ਪ੍ਰੇਮ ਅਰੋੜਾ ਨੇ ਵੀ ਕਿਸਾਨ ਪਰਿਵਾਰਾਂ ਨਾਲ ਦੁੱਖ ਪ੍ਰਗਟਾਇਆ ਤੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਨਾਲ ਡਟ ਕੇ ਖੜ੍ਹਾ ਹੈ ਤੇ ਹਮੇਸ਼ਾ ਖੜ੍ਹਾ ਰਹੇਗਾ।